ਨਗਰ ਕੌਂਸਲ ਦੇ ਮੁਅੱਤਲ ਕੀਤੇ ਗਏ ਸੀਨੀਅਰ ਕਲਰਕ ਨੇ ਹਾਈ ਕੋਰਟ ਤੋਂ ਕੀਤੀ ਇਨਸਾਫ ਦੀ ਮੰਗ
Saturday, Jul 21, 2018 - 02:45 AM (IST)

ਰਾਮਪੁਰਾ ਫੂਲ, (ਤਰਸੇਮ)- ਨਗਰ ਕੌਂਸਲ ਰਾਮਪੁਰਾ ਫੂਲ ਦੇ ਮੁਅੱਤਲ ਕੀਤੇ ਗਏ ਸੀਨੀਅਰ ਕਲਰਕ ਲਛਮਣ ਦਾਸ ਵੱਲੋਂ ਆਪਣੀ ਮੁਅੱਤਲੀ ਨੂੰ ਗੈਰਕਾਨੂੰਨੀ ਕਰਾਰ ਦਿੰਦਿਅਾਂ ਆਖਿਰ ਮਾਣਯੋਗ ਪੰਜਾਬ-ਹਰਿਆਣਾ ਹਾਈ ਕੋਰਟ, ਚੰਡੀਗਡ਼੍ਹ ਵਿਖੇ ਆਪਣੀ ਪਟੀਸ਼ਨ ਦਾਖਲ ਕਰਦਿਆਂ ਬਣਦਾ ਸਹੀ ਇਨਸਾਫ ਲੈਣ ਦੀ ਮੰਗ ਕੀਤੀ ਹੈ, ਜਿਸ ’ਤੇ ਸੁਣਵਾਈ ਕਰਦਿਅਾਂ ਮਾਣਯੋਗ ਹਾਈ ਕੋਰਟ ਦੀ ਅਦਾਲਤ ਦੇ ਜੱਜ ਸਾਹਿਬਾਨ ਜਸਵੰਤ ਸਿੰਘ ਵੱਲੋਂ 2 ਅਗਸਤ, 2018 ਨੂੰ ਇਸ ਮਾਮਲੇ ਦੀ ਜਵਾਬ-ਤਲਬੀ ਲਈ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ ਚੰਡੀਗਡ਼੍ਹ, ਚੀਫ ਵਿਜੀਲੈਸ ਅਫਸਰ, ਪੰਜਾਬ ਪੁਲਸ ਚੰਡੀਗਡ਼੍ਹ, ਕਾਰਜਸਾਧਕ ਅਫਸਰ ਨਗਰ ਕੌਂਸਲ ਰਾਮਪੁਰਾ ਫੂਲ, ਪ੍ਰਧਾਨ ਨਗਰ ਕੌਂਸਲ ਰਾਮਪੁਰਾ ਫੂਲ, ਐਡੀਸ਼ਨਲ ਡਿਪਟੀ ਕਮਿਸ਼ਨਰ, ਜਨਰਲ ਬਠਿੰਡਾ ਤੇ ਸੁਰਿੰਦਰ ਬਾਂਸਲ ਕੌਂਸਲਰ ਵਾਰਡ ਨੰਬਰ 9, ਨਗਰ ਕੌਂਸਲ ਰਾਮਪੁਰਾ ਫੂਲ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਪਟੀਸ਼ਨਕਰਤਾ ਨੇ ਫਰਿਆਦ ਕਰਦਿਅਾਂ ਦੱਸਿਆ ਕਿ ਉਹ ਨਗਰ ਕੌਂਸਲ, ਰਾਮਪੁਰਾ ਫੂਲ, ਜ਼ਿਲਾ ਬਠਿੰਡਾ ਵਿਖੇ ਬਤੌਰ ਸੀਨੀਅਰ ਕਲਰਕ ਸੇਵਾ ਨਿਭਾਅ ਰਿਹਾ ਹੈ। ਸੁਰਿੰਦਰ ਬਾਂਸਲ ਨਿੰਨੀ ਕੌਂਸਲਰ ਵਾਰਡ ਨੰਬਰ 9, ਨਗਰ ਕੌਂਸਲ ਰਾਮਪੁਰਾ ਫੂਲ ਜੋ ਕਿ ਕੌਂਸਲ ਦੀਅਾਂ ਲਗਾਤਾਰ 4 ਮੀਟਿੰਗਾਂ ’ਚ ਗੈਰਹਾਜ਼ਰ ਰਹਿਣ ਦੇ ਸਬੰਧ ’ਚ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਪੰਜਾਬ, ਚੰਡੀਗਡ਼੍ਹ ਵੱਲੋਂ ਆਪਣੇ ਦਫਤਰੀ ਪੱਤਰ ਰਾਹੀਂ ਰਿਜਨਲ ਡਿਪਟੀ ਡਾਇਰੈਕਟਰ ਬਠਿੰਡਾ ਦੁਆਰਾ ਕਾਰਜਸਾਧਕ ਅਫਸਰ, ਨਗਰ ਕੌਸਲ ਰਾਮਪੁਰਾ ਫੂਲ ਨੂੰ ਪੱਤਰ ਭੇਜ ਕੇ ਰਿਪੋਰਟ ਮੰਗੀ ਗਈ ਸੀ। ਇਸ ਪੱਤਰ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕੌਂਸਲਰ ਸੁਰਿੰਦਰ ਬਾਂਸਲ ਨਿੰਨੀ ਵੱਲੋਂ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਮਨਦੀਪ ਕਰਕਰਾ ਨਾਲ ਸੰਪਰਕ ਕਰ ਕੇ ਇਸ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਗਈ। ਇਸ ਉਪਰੰਤ ਹੀ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਮਨਦੀਪ ਕਰਕਰਾ ਨੇ ਆਪਣੇ ਸਿਆਸੀ ਫਾਇਦੇ ਲਈ ਇਕ ਸਾਜ਼ਿਸ਼ ਤਹਿਤ ਨਿਮਨ ਕੋਲੋਂ ਪ੍ਰੋਸੀਡਿੰਗ ਬੁੱਕ ਆਪਣੇ ਘਰ ਮੰਗਵਾ ਕੇ ਪ੍ਰੋਸੀਡਿੰਗ ਬੁੱਕ ’ਚ ਗੈਰਹਾਜ਼ਰੀ ਦੀ ਥਾਂ ’ਤੇ ਮੀਟਿੰਗ ਕ੍ਰਮਵਾਰ ਮਿਤੀ 16/11/2015, 12/01/2016 ਅਤੇ 12/02/2016 ਵਿਚ ਸੁਰਿੰਦਰ ਬਾਂਸਲ ਨਿੰਨੀ ਕੌਂਸਲਰ ਦੀ ਗੈਰਕਾਨੂੰਨੀ ਹਾਜ਼ਰੀ ਲਵਾ ਕੇ ਪ੍ਰੋਸੀਡਿੰਗ ਬੁੱਕ ਵਾਪਸ ਨਿਮਨ ਨੂੰ ਭੇਜ ਦਿੱਤੀ ਪਰ ਜਦੋਂ ਉਸ ਨੇ ਦੇਖਿਆ ਕਿ ਸੁਰਿੰਦਰ ਬਾਂਸਲ ਨਿੰਨੀ ਕੌਂਸਲਰ ਤੇ ਕਾਰਜਕਾਰੀ ਪ੍ਰਧਾਨ ਮਨਦੀਪ ਕਰਕਰਾ ਵੱਲੋਂ ਮਿਲ ਕੇ ਸਰਕਾਰੀ ਰਿਕਾਰਡ ਨਾਲ ਛੇਡ਼ਛਾਡ਼ ਦੇ ਨਾਲ–ਨਾਲ ਗੈਰਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਉਸ ਵੱਲੋਂ ਕਾਰਜਸਾਧਕ ਅਫਸਰ ਨਗਰ ਕੌਂਸਲ ਰਾਮਪੁਰਾ ਫੂਲ ਸਮੇਤ ਸਬੰਧਤ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਪੱਤਰ ਭੇਜ ਕੇ ਜਾਣੂ ਕਰਵਾਇਆ ਗਿਆ ਸੀ।
ਇਸ ਸਬੰਧੀ ਉੱਚ ਅÎਧਿਕਾਰੀਅਾਂ ਵੱਲੋਂ ਕੀਤੀ ਗਈ ਪਡ਼ਤਾਲ ਦੌਰਾਨ ਵੀ ਇਹ ਤੱਥ ਸਹੀ ਪਾਏ ਗਏ ਸਨ। ਇਸ ਉਪਰੰਤ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਮਨਦੀਪ ਕਰਕਰਾ ਅਤੇ ਕੌਂਸਲਰ ਸੁਰਿੰਦਰ ਬਾਂਸਲ ਨਿੰਨੀ ਵੱਲੋਂ ਉਸ ਉਪਰ ਉਸ ਵੱਲੋਂ ਭੇਜੀ ਗਈ ਰਿਪੋਰਟ ਨੂੰ ਬਦਲਣ ਲਈ ਲਗਾਤਾਰ ਦਬਾਅ ਬਣਾਇਆ ਗਿਆ ਪਰ ਉਸ ਨੇ ਸੱਚਾਈ ਦੇ ਰਾਹ ’ਤੇ ਚੱਲਦਿਆ ਤੇ ਕਾਨੂੰਨ ਦੀ ਪਾਲਣਾ ਕਰਨ ਲਈ ਆਪਣੀ ਰਿਪੋਰਟ ਬਦਲਣ ਤੋਂ ਮਨ੍ਹਾ ਕਰ ਦਿੱਤਾ। ਇਸੇ ਬਦਲੇ ਦੀ ਕਾਰਵਾਈ ਕਰਦਿਆਂ ਕਾਰਜਕਾਰੀ ਪ੍ਰਧਾਨ ਮਨਦੀਪ ਕਰਕਰਾ ਤੇ ਸੁਰਿੰਦਰ ਬਾਂਸਲ ਨਿੰਨੀ ਕੌਂਸਲਰ ਵੱਲੋਂ ਮਿਲ ਕੇ ਉਸ ਦੇ ਖਿਲਾਫ ਸਾਜ਼ਿਸ਼ ਕਰਦਿਅਾਂ ਉਸ ਦੇ ਖਿਲਾਫ ਮੁਅੱਤਲੀ ਦਾ ਮਤਾ ਪਾ ਕੇ ਬਦਲੇ ਦੀ ਕਾਰਵਾਈ ਤਹਿਤ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਬਿਨਾਂ ਵਜ੍ਹਾ ਮੁਅੱਤਲੀ ਨਾਲ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਅਖੀਰ ’ਚ ਪਟੀਸ਼ਨਕਰਤਾ ਨੇ ਇਨਸਾਫ ਦੀ ਗੁਹਾਰ ਲਉਂਦਿਆ ਆਪਣੀ ਬਦਲੀ ਵੀ ਕਿਸੇ ਹੋਰ ਨਗਰ ਕੌਂਸਲ ’ਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਕੀ ਕਹਿਣਾ ਕਾਰਜਕਾਰੀ ਪ੍ਰਧਾਨ ਦਾ
ਇਸ ਸਬੰਧੀ ਜਦੋਂ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜਕਾਰੀ ਪ੍ਰਧਾਨ ਮਨਦੀਪ ਸਿੰਘ ਕਰਕਰਾ ਨਾਲ ਸੰਪਰਕ ਕਰ ਕੇ ਉਨ੍ਹਾਂ ਦਾ ਪੱਖ ਲਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਉਕਤ ਨੋਟਿਸ ਦੇ ਮਿਲਣ ਉਪਰੰਤ ਹੀ ਕੁਝ ਕਹਿ ਸਕਦੇ ਹਨ।
ਕੀ ਕਹਿਣਾ ਕਾਰਜਸਾਧਕ ਅਫਸਰ ਦਾ
ਇਸ ਸਬੰਧੀ ਜਦੋਂ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜਸਾਧਕ ਅਫਸਰ ਰਮੇਸ਼ ਕੁਮਾਰ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਕੌਂਸਲਰਾਂ ਦੇ ਹਾਊਸ ਵੱਲੋਂ ਪਾਏ ਗਏ ਮਤੇ ਮੁਤਾਬਕ ਹੀ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਗਈ ਹੈ।