ਮਜੀਠੀਆ ਨੇ ਕੀਤਾ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ

04/16/2018 10:18:29 AM

ਚੰਡੀਗੜ੍ਹ (ਬਿਊਰੋ)-ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਹੱਕ ਵਿਚ ਉੱਤਰਦਿਆਂ ਕਿਹਾ ਹੈ ਕਿ ਠੇਕੇ ਵਾਲੀ ਨੌਕਰੀ ਤੋਂ ਪੱਕੀ ਨੌਕਰੀ ਵਿਚ ਲਿਆਂਦੇ ਜਾਣ ਮੌਕੇ ਅਧਿਆਪਕਾਂ ਵਲੋਂ ਆਪਣੀ ਤਨਖਾਹ ਦੀ ਸਲਾਮਤੀ ਦੀ ਮੰਗ ਕਰਨਾ ਬਿਲਕੁੱਲ ਜਾਇਜ਼ ਹੈ । ਠੇਕੇ 'ਤੇ ਭਰਤੀ ਕੀਤੇ ਇਹ ਅਧਿਆਪਕ ਆਪਣੀਆਂ ਸੇਵਾਵਾਂ ਪੱਕੀਆਂ ਕੀਤੇ ਜਾਣ ਮੌਕੇ ਸਰਕਾਰ ਵਲੋਂ ਉਨ੍ਹਾਂ ਦੀਆਂ ਤਨਖਾਹਾਂ 'ਚ ਕੀਤੀ ਜਾ ਰਹੀ ਵੱਡੀ ਕਟੌਤੀ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਮਜੀਠੀਆ ਨੇ ਸਰਕਾਰ 'ਤੇ ਸੁਖਪਾਲ ਸਿੰਘ ਖਹਿਰਾ ਨੂੰ ਉਸ ਵਿਰੁੱਧ ਦਰਜ ਕੇਸਾਂ ਵਿਚ ਕਲੀਨ ਚਿੱਟ ਦੇਣ ਲਈ ਉਸ ਦੀ ਅਤੇ ਆਮ ਆਦਮੀ ਪਾਰਟੀ ਦੀ ਵਫਾਦਾਰੀ ਖਰੀਦਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸਰਕਾਰ ਉਨ੍ਹਾਂ ਅਧਿਆਪਕਾਂ ਖਿਲਾਫ ਖਤਰਨਾਕ ਅਤੇ ਰੰਜਿਸ਼ ਵਾਲੀ ਨੀਤੀ ਅਪਣਾ ਰਹੀ ਹੈ, ਜਿਨ੍ਹਾਂ ਦੇ ਹੱਥਾਂ 'ਚ ਸਾਡਿਆਂ ਬੱਚਿਆਂ ਦਾ ਭਵਿੱਖ ਹੈ ।
ਮਜੀਠੀਆ ਨੇ ਪੰਜਾਬ ਵਿਧਾਨ ਸਭਾ ਵਿਚ ਵੀ ਇਹ ਮੁੱਦਾ ਉਠਾਇਆ ਸੀ ਅਤੇ ਸ਼ਾਂਤਮਈ ਸੰਘਰਸ਼ ਕਰਕੇ ਅਧਿਆਪਕਾਂ ਵਿਰੁੱਧ ਦਰਜ ਕੀਤੇ ਸਾਰੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਸੀ ਅਤੇ ਨਾਲ ਹੀ ਉਨ੍ਹਾਂ ਦੀ ਬਰਾਬਰ ਤਨਖਾਹ ਦੀ ਮੰਗ ਦਾ ਵੀ ਸਮਰਥਨ ਕੀਤਾ ਸੀ। ਅਕਾਲੀ ਆਗੂ ਨੇ ਕਾਂਗਰਸ ਸਰਕਾਰ ਨੂੰ ਪੁੱਛਿਆ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਅਧਿਆਪਕ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਂਦੇ ਆ ਰਹੇ ਹਨ। ਮੌਜੂਦਾ ਸਰਕਾਰ ਉਨ੍ਹਾਂ ਨੂੰ ਕਰੀਬ 10 ਹਜ਼ਾਰ ਰੁਪਏ ਦੀ ਮੁੱਢਲੀ ਤਨਖਾਹ ਲੈਣ ਲਈ ਮਜਬੂਰ ਕਰਨਾ ਚਾਹੁੰਦੀ ਹੈ, ਜੋ ਕਿ ਉਨ੍ਹਾਂ ਦੀ ਤਨਖਾਹ ਵਿਚ ਬਹੁਤ ਵੱਡੀ ਅਤੇ ਨਾ ਸਹਿਣਯੋਗ 75 ਫੀਸਦੀ ਕਟੌਤੀ ਹੈ। 
ਉਨ੍ਹਾਂ ਕਿਹਾ ਕਿ ਕੀ ਮੌਜੂਦਾ ਸਰਕਾਰ ਦੀਆਂ ਉੱਚੀਆਂ ਕੁਰਸੀਆਂ 'ਤੇ ਬੈਠੇ ਵਿਅਕਤੀਆਂ 'ਚੋਂ ਕੋਈ ਵੀ ਆਪਣੀ ਮੌਜੂਦਾ ਤਨਖਾਹ ਦੇ 20 ਫੀਸਦੀ 'ਤੇ ਕੰਮ ਕਰਨ ਲਈ ਰਾਜ਼ੀ ਹੋਵੇਗਾ? ਜੇ ਨਹੀਂ ਤਾਂ ਤੁਸੀਂ ਗਰੀਬ ਅਧਿਆਪਕਾਂ ਤੋਂ ਕਿਵੇਂ ਉਮੀਦ ਕਰਦੇ ਹੋ ਕਿ ਉਹ ਆਪਣੀਆਂ ਤਨਖਾਹਾਂ ਵਿਚ ਇੰਨੀ ਕਟੌਤੀ ਕਰਵਾ ਕੇ ਆਪਣੇ ਟੱਬਰ ਪਾਲਣ?


Related News