393 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ''ਤੇ ਕਰੋੜਾਂ ਰੁਪਏ ਦੀ ਧੋਖਾਦੇਹੀ

Tuesday, Jun 26, 2018 - 06:45 AM (IST)

ਚੰਡੀਗੜ੍ਹ, (ਸੰਦੀਪ)— 393 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ਵਿਚ ਪੁਲਸ ਨੇ ਜ਼ਿਲਾ ਅਦਾਲਤ ਵਿਚ ਚਲਾਨ ਦਾਇਰ ਕੀਤਾ। ਚਲਾਨ ਵਿਚ ਸੈਕਟਰ-8 ਦੇ ਨਿੱਜੀ ਕੰਸਲਟੈਂਟ ਦੇ ਡਾਇਰੈਕਟਰ ਅਰਵਿੰਦ, ਤਨੀਸ਼ਾ, 2 ਕਾਮਿਆਂ ਜਗਤ ਅਤੇ ਗੁਰਪ੍ਰੀਤ ਨੂੰ ਮੁਲਜ਼ਮ ਬਣਾਇਆ ਹੈ। 1200 ਪੰਨਿਆਂ ਦੇ ਚਲਾਨ ਵਿਚ ਪੁਲਸ ਨੇ ਲਗਭਗ 40 ਗਵਾਹ ਬਣਾਏ ਹਨ। ਕੇਸ ਦਰਜ ਕਰਨ ਤੋਂ ਬਾਅਦ ਲਗਭਗ ਇਕ ਸਾਲ ਤੋਂ ਫਰਾਰ ਚੱਲ ਰਹੇ ਮੁਲਜ਼ਮ ਡਾਇਰੈਕਟਰ ਜੋੜੇ ਅਰਵਿੰਦ ਅਤੇ ਤਨੀਸ਼ਾ ਦੀ ਇਸੇ ਸਾਲ 26 ਅਪ੍ਰੈਲ ਨੂੰ ਗ੍ਰਿਫਤਾਰੀ ਹੋਈ ਸੀ। ਇਸ ਤੋਂ ਪਹਿਲਾਂ ਪੁਲਸ ਨੇ 31 ਮਾਰਚ 2017 ਨੂੰ ਮੁਲਜ਼ਮ ਤੇ ਕੰਪਨੀ ਦੇ ਕਰਮਚਾਰੀ ਗੁਰਪ੍ਰੀਤ ਅਤੇ ਜਗਤ ਨੂੰ ਗ੍ਰਿਫਤਾਰ ਕਰ ਲਿਆ ਸੀ।
ਮਾਮਲੇ ਦਾ ਖੁਲਾਸਾ 31 ਮਾਰਚ 2017 ਨੂੰ ਹੋਇਆ ਸੀ। ਇਸ ਵਿਚ ਲੁਧਿਆਣਾ ਨਿਵਾਸੀ ਰੁਪਿੰਦਰ ਸਿੰਘ ਤੋਂ ਲਗਭਗ 5 ਲੱਖ ਰੁਪਏ ਦੀ ਧੋਖਾਦੇਹੀ ਨਾਲ ਜੁੜੀ ਸ਼ਿਕਾਇਤ ਦੇ ਕੇ ਪੁਲਸ ਨੂੰ ਦੱਸਿਆ ਸੀ ਕਿ ਅਗਸਤ 2016 'ਚ ਉਸਦੀ ਪਤਨੀ ਨੇ ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਜਾਣਾ ਸੀ। ਇਸ ਲਈ ਉਨ੍ਹਾਂ ਨੇ ਸੈਕਟਰ-8 ਦੇ ਕੰਸਲਟੈਂਟ ਦੇ ਮਾਲਕ ਅਰਵਿੰਦ, ਗੁਰਪ੍ਰੀਤ ਅਤੇ ਜਗਤ ਨੂੰ 4 ਲੱਖ 89 ਹਜ਼ਾਰ ਰੁਪਏ ਦਿੱਤੇ ਸਨ। ਇਹ ਸਾਰੀ ਪੇਮੈਂਟ ਉਨ੍ਹਾਂ ਆਰ. ਟੀ. ਜੀ. ਐੱਸ. ਰਾਹੀਂ ਕੀਤੀ ਸੀ ਪਰ ਕਾਫੀ ਸਮੇਂ ਬਾਅਦ ਵੀ ਮੁਲਜ਼ਮਾਂ ਵੱਲੋਂ ਉਨ੍ਹਾਂ ਦੀ ਪਤਨੀ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸ ਤੋਂ ਬਾਅਦ ਉਹ ਉਨ੍ਹਾਂ ਦੇ ਸੈਕਟਰ-8 ਦਫ਼ਤਰ ਪੁੱਜੇ।
ਕੰਪਨੀ ਵੱਲੋਂ ਉਨ੍ਹਾਂ ਨੂੰ ਇਕ ਚੈੱਕ ਦਿੱਤਾ ਗਿਆ ਪਰ ਜਦੋਂ ਉਨ੍ਹਾਂ ਚੈੱਕ ਬੈਂਕ ਵਿਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਉਨ੍ਹਾਂ ਫਿਰ ਤੋਂ ਕੰਪਨੀ ਦੇ ਮਾਲਕ ਅਰਵਿੰਦ ਨਾਲ ਗੱਲ ਕੀਤੀ, ਉਨ੍ਹਾਂ ਨੂੰ ਕੋਈ ਤਸੱਲੀ ਵਾਲਾ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਸ ਦੌਰਾਨ ਕੁਝ ਦਿਨਾਂ ਅੰਦਰ ਹੀ ਪੁਲਸ ਕੋਲ 350 ਤੋਂ ਵੱਧ ਸ਼ਿਕਾਇਤਾਂ ਪੁੱਜ ਗਈਆਂ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪੰਜਾਬ, ਹਰਿਆਣਾ ਅਤੇ ਹੋਰ ਕਈ ਥਾਵਾਂ ਤੋਂ ਵੀਜ਼ਾ ਲਗਵਾਉਣ ਲਈ ਆਉਣ ਵਾਲੇ ਲੋਕਾਂ ਤੋਂ ਕਰੋੜਾਂ ਰੁਪਏ ਲਏ ਹਨ। ਇਹੋ ਜਿਹੀਆਂ ਪੁਲਸ ਕੋਲ ਲਗਭਗ 373 ਸ਼ਿਕਾਇਤਾਂ ਪੁੱਜੀਆਂ ਸਨ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸਨ। ਕੇਸ ਦੀ ਜਾਂਚ ਲਈ ਪੁਲਸ ਨੇ ਡੀ. ਐੱਸ. ਪੀ. ਕ੍ਰਾਈਮ ਅਤੇ ਇੰਸਪੈਕਟਰ ਪੂਨਮ ਦਿਲਾਵਰੀ ਦੀ ਨਿਗਰਾਨੀ ਵਿਚ ਸਪੈਸ਼ਲ ਜਾਂਚ ਟੀਮ (ਐੱਸ. ਆਈ. ਟੀ.) ਬਣਾਈ ਸੀ। 26 ਅਪ੍ਰੈਲ ਨੂੰ ਹੀ ਪੁਲਸ ਨੇ ਮੁਲਜ਼ਮ ਜੋੜੇ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ।


Related News