ਪੰਜਾਬ ਤੋਂ ਹਥਿਆਰਾਂ ਦੀ ਬਰਾਮਦਗੀ ਦੇ ਰਹੀ ਹੈ ਅੱਤਵਾਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਦੇ ਸੰਕੇਤ

Thursday, Apr 28, 2022 - 05:35 PM (IST)

ਜਲੰਧਰ (ਵਿਸ਼ੇਸ਼) : ਮਾਰਚ ਤੋਂ ਬਾਅਦ ਸਰਹੱਦ ਪਾਰ ਹਥਿਆਰਾਂ ਦੀ ਸਮੱਗਲਿੰਗ ਦੇ ਯਤਨਾਂ ਨੂੰ ਦੇਖਦੇ ਹੋਏ ਪੰਜਾਬ ਇਟੈਲੀਜੈਂਸ ਨੇ ਆਪਣੇ ਫੀਲਡ ਅਧਿਕਾਰੀਆਂ ਨੂੰ ਤੁਰੰਤ ਜਵਾਬੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਪਿਛਲੇ ਹਫਤੇ ਪੁਲਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਸ ਸੁਪਰਡੈਂਟਾਂ ਸਮੇਤ ਫੀਲਡ ਅਧਿਕਾਰੀਆਂ ਨੂੰ ਭੇਜੀ ਇਕ ਚਿੱਠੀ ਵਿਚ ਪੰਜਾਬ ਦੇ ਖੁਫੀਆ ਮੁਖੀ ਨੇ ਮਾਰਚ ਤੋਂ ਬਾਅਦ ਸਰਹੱਦੀ ਚੌਕੀਆਂ ਤੋਂ ਬਰਾਮਦ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਵਿਸ਼ਾਲ ਜਖੀਰੇ ਦਾ ਹਵਾਲਾ ਦਿੱਤਾ, ਨਾਲ ਹੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਚੌਕਸੀ ਵਧਾਉਣ ਦੀ ਜ਼ਰੂਰਤ ਪ੍ਰਗਟਾਈ ਹੈ। ਮਾਰਚ ਦੀ ਸ਼ੁਰੂਆਤ ਅਤੇ ਅਪ੍ਰੈਲ ਦੇ ਮੱਧ ਵਿਚ ਕੀਤੀ ਗਈ ਹਥਿਆਰਾਂ ਦੀ ਬਰਾਮਦਗੀ ਸੂਬੇ ਵਿਚ ਹਰ ਸੰਭਵ ਤਰੀਕਿਆਂ ਨਾਲ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਦੇ ਯਤਨਾਂ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ 7 ਮਹੀਨਿਆਂ ਤੋਂ ਹਜ਼ਾਰਾਂ ਲਾਭਪਾਤਰੀ ‘ਆਸ਼ੀਰਵਾਦ ਸਕੀਮ’ ਤੋਂ ਵਾਂਝੇ, ਸਵਾਲਾਂ ਦੇ ਘੇਰੇ 'ਚ ਸਰਕਾਰ

ਹਿਮਾਚਲ ’ਚ ਵੀ ਮਿਲਿਆ ਟਿਫਿਨ ਬੰਬ

ਹਿਮਾਚਲ ਦੇ ਊਨਾ ਜ਼ਿਲੇ ਵਿਚ ਇਕ ਮਾਡਿਊਲ ਤੋਂ ਟਿਫਿਨ ਬੰਬ ਵੀ ਬਰਾਮਦ ਕੀਤਾ ਗਿਆ। ਪੰਜਾਬ ਦੇ ਇਕ ਸੀਨੀਅਰ ਖੁਫੀਆ ਅਧਿਕਾਰੀ ਮੁਤਾਬਕ ਇਨ੍ਹਾਂ ਚਿੰਤਾਵਾਂ ਕਾਰਨ ਜੇਲ ਵਿਭਾਗ ਨੇ ਲਗਭਗ 50 ਖੁੰਖਾਰ ਅਪਰਾਧੀਆਂ ਨੂੰ ਇਕ ਜੇਲ ਤੋਂ ਦੂਜੀ ਜੇਲ ਵਿਚ ਸ਼ਿਫਟ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸੈੱਲਾਂ ਵਿਚ ਰੱਖਿਆ ਹੈ। ਇਨ੍ਹਾਂ ਅਪਰਾਧੀਆਂ ਵਿਚ ਮੁੱਖ ਰੂਪ ਨਾਲ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਹਾਲ ਹੀ ਵਿਚ ਹਥਿਆਰਾਂ ਅਤੇ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਦੇ ਮਾਮਲਿਆਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਵਿਚ ਵੀ ਨਾਪਾਕ ਮਨਸੂਬਿਆਂ ਦੇ ਨਾਲ ਸੂਬੇ ਵਿਚ ਵੱਡੀ ਮਾਤਰਾ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਮੱਗਲਿੰਗ ਦੀਆਂ ਖਬਰਾਂ ਆਈਆਂ ਹਨ। ਹਾਲ ਹੀ ਦੇ ਮਹੀਨਿਆਂ ਵਿਚ ਸਰਗਰਮੀਆਂ ਵਧੀਆਂ ਹਨ ਜੋ ਨਿਸ਼ਚਿਤ ਰੂਪ ਨਾਲ ਸਾਡੇ ਲਈ ਚੁਣੌਤੀ ਬਣ ਸਕਦੀਆਂ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਕਦੋਂ ਕਿਥੋਂ ਬਰਾਮਦ ਕੀਤੇ ਹਥਿਆਰ

ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਸਾਂਝੀ ਮੁਹਿੰਮ ਦੌਰਾਨ 9 ਅਤੇ 10 ਮਾਰਚ ਨੂੰ 5 ਸੈਮੀ ਆਟੋਮੈਟਿਕ ਏ. ਕੇ. 47 ਰਾਈਫਲ (ਪਾਕਿਸਤਾਨ ਵਿਚ ਬਣੀ), 3 ਕੋਲਟ ਰਾਈਫਲ (ਅਮਰੀਕਾ ਵਿਚ ਬਣੀ), 5 ਪਿਸਤੌਲ (ਚੀਨ ਵਿਚ ਬਣੇ), 10 ਮੈਗਜ਼ੀਨ (ਏ. ਕੇ. 47), 6 ਮੈਗਜ਼ੀਨ (ਕੋਲਟ ਰਾਈਫਲ), 10 ਮੈਗਜ਼ੀਨ (ਪਿਸਤੌਲ) ਬਰਾਮਦ ਕੀਤੇ ਹਨ। ਇਕ ਹੋਰ ਸਾਂਝੀ ਮੁਹਿੰਮ ਦੌਰਾਨ ਅਬੋਹਰ ਸੈਕਟਰ ਵਿਚ ਇਕ ਸਰਹੱਦੀ ਚੌਕੀ ਨੇੜੇ 49 ਕਾਰਤੂਸ (7.65 ਮਿ. ਮੀ.), 29 ਕਾਰਤੂਸ (7.62 ਮਿ. ਮੀ.) ਅਤੇ 50 ਕਾਰਤੂਸ (5.56 ਮਿ. ਮੀ.) ਵੀ ਬਰਾਮਦ ਕੀਤੇ ਗਏ ਹਨ। 6 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ 2.586 ਕਿਲੋਗ੍ਰਾਮ ਆਰ. ਡੀ. ਐਕਸ ਭਰਪੂਰ 2 ਆਈ. ਈ. ਡੀ. ਬਰਾਮਦ ਕੀਤੇ ਗਏ ਜਦਕਿ 17 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਇਕ ਵਿਦੇਸ਼ੀ ਨਿਰਮਿਤ ਐੱਮ. ਪੀ. 5 ਬੰਦੂਕਾਂ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ। 10 ਅਪ੍ਰੈਲ ਨੂੰ ਨਵਾਂਸ਼ਹਿਰ ਤੋਂ ਇਕ ਜ਼ਿੰਦਾ ਪੀ-86 ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ

ਪਾਕਿਸਤਾਨ ਤੋਂ ਆਪ੍ਰੇਟ ਕੀਤੇ ਜਾ ਰਹੇ ਗੈਂਗਸਟਰ

ਗੈਂਗਸਟਰ ਤੋਂ ਅੱਤਵਾਦੀ ਬਣੇ ਹਰਦੀਪ ਸਿੰਘ ਰਿੰਡਾ ਦੀ ਪ੍ਰਤੱਖ ਸ਼ਮੂਲੀਅਤ ਅਤੇ ਪਾਕਿਸਤਾਨ ਹਮਾਇਤੀ ਮਾਡਿਊਲ ਦਾ ਭਾਂਡਾ ਭੱਜਣ ਦੇ ਹਾਲ ਹੀ ਦੇ ਕਾਂਡਾਂ ਨੇ ਸਰਹੱਦ ਪਾਰ ਤੋਂ ਭੇਜੇ ਗਏ ਹਥਿਆਰਾਂ ਦੀ ਸਪਲਾਈ ਵਿਚ ਛੋਟੇ ਸਥਾਨਕ ਗੈਂਗਸਟਰਾਂ ਦੇ ਹੱਥ ਹੋਣ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਸਰਕਾਰ ਨੇ ਪੁਲਸ ਨੂੰ ਸੂਬੇ ਦੀਆਂ ਜੇਲਾਂ ਵਿਚ ਬੰਦ ਗੈਂਗਸਟਰਾਂ ਅਤੇ ਅੱਤਵਾਦੀਆਂ ’ਤੇ ਸਖਤ ਨਜ਼ਰ ਰੱਖਣ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਐੱਸ. ਬੀ. ਐੱਸ. ਨਗਰ ਪੁਲਸ ਸਟੇਸ਼ਨ ਨੇ ਹਾਲ ਹੀ ਵਿਚ ਸੀ. ਆਈ. ਏ. ਨਵਾਂਸ਼ਹਿਰ ਪੁਲਸ ਸਟੇਸ਼ਨ ਅਤੇ ਰੋਪੜ ਜ਼ਿਲੇ ਦੇ ਤਹਿਤ ਆਉਣ ਵਾਲੀ ਪੋਸਟ ਨੂੰ ਉਡਾਉਣ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਦਾਅਵਾ ਕੀਤਾ ਸੀ ਕਿ ਮਾਡਿਊਲ ਨੂੰ ਰਿੰਡਾ ਤੋਂ ਨਿਰਦੇਸ਼ ਮਿਲ ਰਹੇ ਸਨ, ਜੋ ਪਾਕਿਸਤਾਨ ਵਿਚ ਹੈ ਅਤੇ ਸਰਗਰਮ ਰੂਪ ਨਾਲ ਲੁਧਿਅਾਣਾ ਸਥਿਤ ਅਪਰਾਧੀਆਂ ਦੇ ਸੰਪਰਕ ਵਿਚ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News