ਸੀਚੇਵਾਲ ਪਿੰਡ 'ਚ ਬਣਾਇਆ ਗਿਆ ਇਕਾਂਤਵਾਸ ਕੇਂਦਰ, ਆਕਸੀਜਨ ਤੇ ਐਂਬੂਲੈਂਸ ਦੀ ਵੀ ਮਿਲੇਗੀ ਸਹੂਲਤ

05/10/2021 9:27:03 PM

ਜਲੰਧਰ,(ਬਿਊਰੋ)- ਕੋਰੋਨਾ ਦੀ ਲਾਗ ਲੱਗ ਜਾਣ ਦੀ ਸੂਰਤ ਵਿੱਚ ਮਰੀਜ਼ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਸੀਚੇਵਾਲ ਵਿੱਚ ਪਿੰਡ ਪੱਧਰ ਦਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਸੀਚੇਵਾਲ ਵੱਲੋਂ ਪਹਿਲ ਕਦਮੀ ਕਰਦਿਆਂ ਪਿੰਡ ਦੇ ਕਮਿਊਨਟੀ ਹਾਲ ਵਿੱਚ 10 ਬਿਸਤਰਿਆਂ ਦਾ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ ਪਿੰਡਾਂ ਵਿੱਚ ਵੀ ਤੇਜ਼ੀ ਨਾਲ ਆ ਰਹੇ ਹਨ। ਸ਼ਹਿਰਾਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦਬਾਅ ਵੱਧਣ ਨਾਲ ਉੱਥੇ ਦਾਖਲ ਹੋਣਾ ਵੀ ਵੱਡੀ ਚਣੌਤੀ ਬਣ ਗਿਆ ਹੈ। ਇਸੇ ਕਰਕੇ ਪਿੰਡ ਪੱਧਰ 'ਤੇ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ। ਇਸ ਕੇਂਦਰ ਵਿੱਚ ਆਕਸੀਜਨ ਦੀ ਸਹੂਲਤ ਮੁੱਹਈਆ ਕਰਵਾਉਣ ਦੇ ਇੰਤਜਾਮ ਵੀ ਕੀਤੇ ਜਾਣਗੇ। ਮਰੀਜ਼ਾਂ ਲਈ ਮੁਫਤ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਨੇੜਲੇ ਭਵਿੱਖ ਵਿੱਚ ਐਂਬੂਲੈਂਸ ਦਾ ਇੰਤਜਾਮ ਕੀਤਾ ਜਾਵੇਗਾ ਜੇ ਕੋਈ ਮਰੀਜ਼ ਦੀ ਹਾਲਤ ਵਿਗੜਦੀ ਹੈ ਤਾਂ ਉਸ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਪਹੂੰਚਾਇਆ ਜਾ ਸਕੇ। 

PunjabKesari
ਸ਼ਾਹਕੋਟ ਦੇ ਐੱਸ.ਡੀ.ਐੱਮ ਅਤੇ ਐੱਸ.ਐੱਮ.ਓ. ਨੇ ਇਕਾਂਤਵਾਸ ਕੇਂਦਰ ਦਾ ਪਿੰਡ ਸੀਚੇਵਾਲ ਜਾ ਕੇ ਨਿਰੀਖਣ ਕੀਤਾ ਤੇ ਉਨ੍ਹਾਂ ਨੇ ਇਸ ਕਾਰਜ ਲਈ ਸੰਤ ਸੀਚੇਵਾਲ ਤੇ ਗ੍ਰਾਮ ਪੰਚਾਇਤ ਦੇ ਇਸ ਉਦਮ ਦੀ ਸਲ਼ਾਂਘਾ ਕੀਤੀ। ਐੱਸ.ਡੀ.ਐੱਮ. ਸੰਜੀਵ ਸ਼ਰਮਾ ਨੇ ਇਕਾਂਤਵਾਸ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਬਹੁਤ ਸਾਰੇ ਲੋਕਾਂ ਕੋਲ ਘਰ ਵਿੱਚ ਇੱਕ ਜਾਂ ਦੋ ਕਮਰੇ ਹੀ ਹੁੰਦੇ ਹਨ। ਕੋਰੋਨਾ ਦੀ ਲਾਗ ਲੱਗ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਇਕਾਂਤਵਾਸ ਕਰਨਾ ਔਖਾ ਹੁੰਦਾ ਹੈ। ਪਿੰਡ ਵਿੱਚ ਹੀ ਇਹ ਸਹੂਲਤ ਹੋਣ ਨਾਲ ਉਸ ਨੂੰ ਬਹੁਤ ਵੱਡੀ ਮੱਦਦ ਮਿਲ ਸਕਦੀ ਹੈ। 

PunjabKesari
ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਨੇ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਇਸ ਮਾਡਲ ਨੂੰ ਜੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਅਪਣਾਉਂਦੀਆਂ ਹਨ ਤਾਂ ਸ਼ਹਿਰਾਂ ਦੇ ਹਸਪਤਾਲਾਂ ਤੋਂ ਬੋਝ ਘੱਟ ਜਾਵੇਗਾ। ਪਿੰਡ ਦੇ ਸਰਪੰਚ ਤੇਜਿੰਦਰ ਸਿੰਘ ਨੇ ਦੱਸਿਆ ਕਿ ਕਮਿਊਨਟੀ ਹਾਲ ਵਿੱਚ 10 ਬਿਸਤਰਿਆਂ ਦਾ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ। ਇੱਥੇ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਮਰੀਜ਼ ਨੂੰ ਕਾਫ਼ੀ ਮੱਦਦ ਮਿਲੇਗੀ ਤੇ ਪਿੰਡ ਵਿੱਚ ਹੀ ਰਹਿਣ ਕਾਰਨ ਉਸ ਨੂੰ ਹੌਸਲਾ ਵੀ ਰਹੇਗਾ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਬੀਬੀ ਗੁਰਬਖ਼ਸ਼ ਕੌਰ ਤੇ ਹੋਰ ਪਿੰਡ ਦੇ ਲੋਕ ਹਾਜ਼ਰ ਸਨ।


Bharat Thapa

Content Editor

Related News