ਪੰਜਾਬ ’ਚ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬੋਲੇ ਮੰਤਰੀ ਹਰਜੋਤ ਬੈਂਸ, ਕਹੀ ਇਹ ਗੱਲ
Thursday, Oct 20, 2022 - 07:47 PM (IST)
ਅੰਮ੍ਰਿਤਸਰ : ਪੰਜਾਬ ’ਚ ਜੇਲ੍ਹਾਂ ਦੀ ਸੁਰੱਖਿਆ ਅਤੇ ਹਰ ਰੋਜ਼ ਕੈਦੀਆਂ ਤੋਂ ਫੜੇ ਜਾ ਰਹੇ ਮੋਬਾਈਲ ਫੋਨਜ਼ ਅਤੇ ਨਸ਼ੇ ਸਬੰਧੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਅੱਜ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕੀਤਾ। ਇਸ ਦੌਰਾਨ ਮੰਤਰੀ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ 7 ਮਹੀਨਿਆਂ ਦੌਰਾਨ ਪੰਜਾਬ ਦੀਆਂ ਜੇਲ੍ਹਾਂ ’ਚੋਂ ਹੁਣ ਤਕ 3600 ਮੋਬਾਈਲ ਬਰਾਮਦ ਕੀਤੇ ਗਏ ਹਨ। ਇਕੱਲੀ ਅੰਮ੍ਰਿਤਸਰ ਜੇਲ੍ਹ ’ਚ 7 ਮਹੀਨਿਆਂ ਦੌਰਾਨ 750 ਮੋਬਾਈਲ ਮਿਲੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਜੇਲ੍ਹ ਦੀ ਕੰਧ ਤੋੜ ਕੇ ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਜੇਲ੍ਹ ਤੋਂ ਹੀ ਠੀਕ ਹੋ ਸਕਦੀ ਹੈ। ਹਰਜੋਤ ਬੈਂਸ ਨੇ ਕਿਹਾ ਕਿ ਇਸ ਮੁੱਦੇ ’ਤੇ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਚ 7ਵੀਂ ਕਲਾਸ ਦੀ ਵਿਦਿਆਰਥਣ ਨਾਲ 4 ਅਧਿਆਪਕਾਂ ਨੇ ਬੰਦੂਕ ਦੀ ਨੋਕ ’ਤੇ ਕੀਤਾ ਜਬਰ-ਜ਼ਿਨਾਹ
ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ’ਚ ਬੰਦ ਕੈਦੀਆਂ ਲਈ ਬਾਡੀ ਸਕੈਨਰ ਲੈ ਕੇ ਆਏਗੀ ਤਾਂ ਕਿ ਪੂਰੇ ਸਰੀਰ ਦੀ ਸਕੈਨ ਹੋਵੇ, ਜਿਸ ’ਚ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਛੁਪੀ ਹੋਈ ਹੋਵੇਗੀ, ਉਸ ਨੂੰ ਫੜਨ ’ਚ ਆਸਾਨੀ ਹੋਵੇਗੀ। ਇਸ ਦੇ ਨਾਲ ਹੀ ਜੇਲ੍ਹਾਂ ’ਚ ਜੈਮਰ ਲਗਾਉਣ ਨੂੰ ਵੀ ਪਹਿਲ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ, ਜਿਨ੍ਹਾਂ ’ਚ ਗੈਂਗਸਟਰ ਬੰਦ ਹਨ, ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।