ਫਿਰੌਤੀ ਦੀ ਲਪੇਟ ’ਚ ਪੰਜਾਬੀ ਗਾਇਕ, ਮੂਸੇਵਾਲਾ ਦੇ ਕਤਲ ਮਗਰੋਂ ਫਿਰ ਉੱਭਰਿਆ ਸੁਰੱਖਿਆ ਦਾ ਮਾਮਲਾ

Monday, May 30, 2022 - 04:02 PM (IST)

ਫਿਰੌਤੀ ਦੀ ਲਪੇਟ ’ਚ ਪੰਜਾਬੀ ਗਾਇਕ, ਮੂਸੇਵਾਲਾ ਦੇ ਕਤਲ ਮਗਰੋਂ ਫਿਰ ਉੱਭਰਿਆ ਸੁਰੱਖਿਆ ਦਾ ਮਾਮਲਾ

ਚੰਡੀਗੜ੍ਹ (ਰਮਨਜੀਤ): ਦੁਨੀਆਭਰ ਵਿਚ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਪਿੱਛੇ ਫਿਰੌਤੀ ਦੇ ਐਂਗਲ ’ਤੇ ਵੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਗਾਇਕ ਕਲਾਕਾਰਾਂ ਨੂੰ ਗੈਂਗਸਟਰਾਂ ਵਲੋਂ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਪਰਮੀਸ਼ ਵਰਮਾ ’ਤੇ ਵੀ ਅਜਿਹਾ ਹੀ ਇਕ ਹਮਲਾ ਹੋ ਚੁੱਕਿਆ ਹੈ।

ਕਲਾਕਾਰਾਂ ਨੂੰ ਮਿਲਣ ਵਾਲੀਆਂ ਫਿਰੌਤੀ ਲਈ ਧਮਕੀਆਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਪੁਲਸ ਵਲੋਂ ਉਨ੍ਹਾਂ ਨੂੰ ਸਕਿਓਰਿਟੀ ਉਪਲਬਧ ਕਰਵਾਈ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਗਾਇਕ ਅਤੇ ਕਲਾਕਾਰ ਆਪਣੇ ਪੱਧਰ ’ਤੇ ਨਿੱਜੀ ਸੁਰੱਖਿਆ ਵੀ ਤਾਇਨਾਤ ਰੱਖਦੇ ਸਨ। ਦੋ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿਚ ਲੱਗੇ ਚਾਰ ਵਿਚੋਂ ਦੋ ਪੁਲਸ ਮੁਲਾਜ਼ਮਾਂ ਨੂੰ ਸੂਬਾ ਸਰਕਾਰ ਵਲੋਂ ਵਾਪਸ ਸੱਦ ਲਿਆ ਗਿਆ ਸੀ ਅਤੇ ਜੋ ਦੋ ਸੁਰੱਖਿਆ ਕਰਮੀ ਸਿੱਧੂ ਮੂਸੇਵਾਲਾ ਕੋਲ ਬਚੇ ਸਨ, ਘਟਨਾ ਦੇ ਵਕਤ ਉਹ ਵੀ ਨਾਲ ਨਹੀਂ ਸਨ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਚਸ਼ਮਦੀਦ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ

2018 ਦੇ ਅਪ੍ਰੈਲ ਮਹੀਨੇ ਦੌਰਾਨ ਹੀ ਪੰਜਾਬੀ ਗਾਇਕ ਅਤੇ ਐਕਟਰ ਪਰਮੀਸ਼ ਵਰਮਾ ’ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਹਮਲੇ ਵਿਚ ਪਰਮੀਸ਼ ਵਰਮਾ ਬਾਲ-ਬਾਲ ਬਚ ਗਏ ਸਨ। ਹਮਲੇ ਦੇ ਕੁਝ ਦਿਨਾਂ ਬਾਅਦ ਹੀ ਪਰਮੀਸ਼ ਵਰਮਾ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਤੋਂ ਫਿਰੌਤੀ ਦੇ ਤੌਰ ’ਤੇ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਨਾ ਦੇਣ ਕਾਰਣ ਹੀ ਉਨ੍ਹਾਂ ਨੂੰ ਡਰਾਉਣ ਲਈ ਉਕਤ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੇ ਕੁਝ ਹੀ ਦਿਨ ਬਾਅਦ 2018 ਵਿਚ ਹੀ ਪੰਜਾਬੀ ਗਾਇਕ ਅਤੇ ਮਸ਼ਹੂਰ ਫਿਲਮੀ ਕਲਾਕਾਰ ਗਿੱਪੀ ਗਰੇਵਾਲ ਨੂੰ ਵੀ ਗੈਂਗਸਟਰਾਂ ਵਲੋਂ ਫਿਰੌਤੀ ਲਈ ਧਮਕਾਇਆ ਗਿਆ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਦੁੱਖ ਭਰੀ ਚਿੱਠੀ, ਆਖੀਆਂ ਵੱਡੀਆਂ ਗੱਲਾਂ

ਮਹੀਨਾ ਭਰ ਪਹਿਲਾਂ ਹੀ ਮੋਹਾਲੀ ਪੁਲਸ ਵਲੋਂ ਇਕ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਨੂੰ ਫਿਰੌਤੀ ਦੇ ਗਿਰੋਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਨਾ ਸਿਰਫ਼ ਹਿੰਦੁਸਤਾਨੀ ਸਗੋਂ ਚਾਈਨੀਜ਼ ਹਥਿਆਰ ਵੀ ਬਰਾਮਦ ਹੋਏ ਸਨ। ਪੰਜਾਬ ਪੁਲਸ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਇਸ ਐਂੰਗਲ ਤੋਂ ਵੀ ਜਾਂਚ ਵਿਚ ਜੁਟ ਗਈ ਹੈ ਅਤੇ ਛੇਤੀ ਹੀ ਹੱਤਿਆ ਦੇ ਪਿੱਛੇ ਦੇ ਕਾਰਣਾਂ ਦਾ ਵੀ ਖੁਲਾਸਾ ਕੀਤਾ ਜਾ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News