2 ਸਕਿਓਰਿਟੀ ਗਾਰਡਾਂ ’ਤੇ ਚੜ੍ਹੀ ਕਾਰ, ਇਕ ਦੀ ਮੌਤ

Friday, Jul 27, 2018 - 06:23 AM (IST)

2 ਸਕਿਓਰਿਟੀ ਗਾਰਡਾਂ ’ਤੇ  ਚੜ੍ਹੀ ਕਾਰ, ਇਕ ਦੀ ਮੌਤ

ਜਲੰਧਰ,   (ਵਰੁਣ)—  ਗੁਰੂ ਨਾਨਕ ਮਿਸ਼ਨ ਚੌਕ ਸਥਿਤ ਇਮੀਨੈਂਟ ਮਾਲ ਦੇ ਅੰਡਰਗਰਾਊਂਡ  ਬਣੇ ਰੈਂਪ 'ਤੇ ਕਾਰ ਚੜ੍ਹਾਉਂਦੇ ਹੋਏ ਮਹਿਲਾ ਪ੍ਰੋਫੈਸਰ ਨੇ ਬ੍ਰੇਕ ਦੀ ਜਗ੍ਹਾ ਕਲੱਚ  ਦਬਾ ਦਿੱਤਾ, ਜਿਸ ਦੇ ਚਲਦੇ ਕਾਰ ਕਾਫੀ ਸਪੀਡ ਵਿਚ ਥੱਲੇ ਆਈ ਅਤੇ ਦੋ ਸਕਿਓਰਿਟੀ ਗਾਰਡਾਂ ’ਤੇ ਚੜ੍ਹ ਗਈ। ਮੌਕੇ ’ਤੇ ਇਕ ਸਕਿਓਰਿਟੀ ਗਾਰਡ ਦੀ ਮੌਤ ਹੋ ਗਈ, ਜਦਕਿ ਦੂਜੇ ਦੀ ਲੱਤ  ਟੁੱਟ ਗਈ। ਹਫੜਾ-ਦਫੜੀ ਵਿਚ ਦੋਵਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਲਿਜਾਇਆ ਗਿਆ, ਜਿਥੇ  ਇਕ ਨੂੰ ਮ੍ਰਿਤਕ  ਐਲਾਨ ਦਿੱਤਾ, ਜਦਕਿ ਦੂਜੇ ਸਕਿਓਰਿਟੀ ਗਾਰਡ ਨੂੰ ਜੌਹਲ ਹਸਪਤਾਲ  ਰੈਫਰ ਕਰ ਦਿੱਤਾ ਗਿਆ ਸੀ। 
ਜਾਣਕਾਰੀ ਅਨੁਸਾਰ ਐੱਨ. ਆਈ. ਟੀ. ਦੀ ਪ੍ਰੋ. ਗੀਤਾ ਪਤਨੀ  ਸਵ. ਪ੍ਰੀਤਮ ਸਿੰਘ ਨਿਵਾਸੀ ਸਰਸਵਤੀ ਵਿਹਾਰ ਇਮੀਨੈਂਟ ਮਾਲ ਵਿਚ ਸ਼ੂਲੈਂਡ ਵਿਚ ਸ਼ਾਪਿੰਗ ਲਈ  ਆਈ ਸੀ। ਵੀਰਵਾਰ ਦੇਰ ਸ਼ਾਮ ਉਹ ਸ਼ਾਪਿੰਗ ਕਰ ਕੇ ਵਾਪਸ ਜਾਣ ਲੱਗੀ। ਮਾਲ ਦੀ ਅੰਡਰਗਰਾਊਂਡ  ਪਾਰਕਿੰਗ ਵਿਚ ਉਸਨੇ ਆਪਣੀ ਕਾਰ ਖੜ੍ਹੀ ਕੀਤੀ ਸੀ। ਜਿਵੇਂ ਹੀ ਕਾਰ  ਵਾਪਸ ਲੈ ਕੇ ਉਹ  ਅੰਡਰਗਰਾਊਂਡ ਰੈਂਪ ਤੋਂ  ਉਪਰ ਲਿਆਉਣ ਲੱਗੀ ਤਾਂ ਅੱਧੇ ਰਸਤੇ ਵਿਚ ਰੈਂਪ ਕਰਾਸ ਕਰਨ  ਤੋਂ ਬਾਅਦ ਗੀਤਾ  ਨੇ ਕਾਰ ਦੀ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਗਲਤੀ ਨਾਲ ਕਲੱਚ ਦੱਬਿਆ  ਗਿਆ ਅਤੇ ਕਾਰ ਕਾਫੀ ਸਪੀਡ ਨਾਲ ਵਾਪਸ ਹੇਠਾਂ ਆਉਣ ਲੱਗੀ। ਕਾਰ ਥੱਲੇ ਬੈਠੇ ਸਕਿਓਰਿਟੀ  ਗਾਰਡ ਪ੍ਰੀਤਮ ਚੰਦ (55) ਪੁੱਤਰ ਬਿਹਾਰੀ ਲਾਲ ਨਿਵਾਸੀ ਕਬੀਰ ਨਗਰ ਉਪਰ ਚੜ੍ਹ ਗਈ,  ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨਾਲ ਬੈਠੇ ਪ੍ਰੀਤਮ ਦੇ ਦੋਸਤ ਰਾਜ ਕੁਮਾਰ  ਨਿਵਾਸੀ ਭਾਰਗੋ ਕੈਂਪ ਦੀ ਲੱਤ   ਟੁੱਟ ਗਈ।  ਹਾਦਸੇ ਦੇ  ਬਾਅਦ ਉਥੇ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਦੋਵਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ  ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਪ੍ਰੀਤਮ  ਚੰਦ ਨੂੰ  ਮ੍ਰਿਤਕ  ਐਲਾਨ ਕਰ ਦਿੱਤਾ, ਜਦਕਿ  ਰਾਜ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਜੌਹਲ ਹਸਪਤਾਲ ਰੈਫਰ ਕਰ ਦਿੱਤਾ ਸੀ।  ਦੱਸਿਆ ਜਾ ਰਿਹਾ ਹੈ ਕਿ ਹੈੱਡ ਇੰਜਰੀ ਕਾਰਨ ਪ੍ਰੀਤਮ ਦੀ ਮੌਤ ਹੋਈ। ਸੂਚਨਾ ਮਿਲਣ ਤੋਂ  ਬਾਅਦ ਥਾਣਾ ਨੰਬਰ 6 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਦੇ  ਮੁਰਦਾਘਰ ’ਚ ਰਖਵਾ ਦਿੱਤਾ, ਜਦਕਿ ਕਾਰ ਚਾਲਕ ਗੀਤਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਨੇ  ਕਾਰ ਵੀ ਜ਼ਬਤ ਕਰ ਲਈ ਹੈ। ਦੇਰ  ਰਾਤ ਪੁਲਸ ਨੇ ਗੀਤਾ ਖਿਲਾਫ ਕੇਸ ਦਰਜ ਕਰ ਕੇ  ਉਸ ਦੀ   ਗ੍ਰਿਫਤਾਰੀ ਦਿਖਾ ਦਿੱਤੀ ਹੈ। ਥਾਣਾ ਨੰਬਰ 6 ਦੇ  ਇੰਚਾਰਜ ਓਂਕਾਰ ਸਿੰਘ ਬਰਾੜ ਨੇ ਦੱਸਿਆ  ਕਿ ਅਜੇ ਕਲੀਅਰ ਨਹੀਂ ਹੋਇਆ ਹੈ ਕਿ ਹਾਦਸਾ ਕਲੱਚ ਦੱਬਣ ਨਾਲ ਹੋਇਆ ਹੈ ਜਾਂ ਫਿਰ ਕਾਰ ਦੇ  ਨਿਊਟਲ ਹੋਣ ਨਾਲ। 
ਭੀੜ ਦੇਖ ਕੇ ਗੀਤਾ ਬੋਲੀ- ‘ਫਿਰ ਕੀ ਹੋਇਆ, ਐਕਸੀਡੈਂਟ ਹੁੰਦੇ ਰਹਿੰਦੇ ਹਨ-’
ਹਾਦਸੇ  ਤੋਂ ਬਾਅਦ ਜਿਸ ਤਰ੍ਹਾਂ ਹੀ ਘਟਨਾ ਸਥਾਨ 'ਤੇ ਭੀੜ ਇਕੱਠੀ ਹੋਈ ਤਾਂ ਭੀੜ ਦੇਖ ਕੇ ਪ੍ਰੋ.  ਗੀਤਾ ਭੜਕ ਗਈ। ਉਸ ਨੇ ਭੀੜ ਨਾਲ ਕਾਫੀ ਬਹਿਸ ਕੀਤੀ ਤੇ ਕਿਹਾ ਕਿ ਫਿਰ ਕੀ ਹੋਇਆ  ਐਕਸੀਡੈਂਟ ਹੁੰਦੇ ਰਹਿੰਦੇ ਹਨ, ਮੈਂ ਕਿਹੜਾ ਮਰਜ਼ੀ ਨਾਲ ਅਜਿਹਾ ਕੀਤਾ ਹੈ। ਇਸ ਤਰ੍ਹਾਂ  ਦਾ ਜਵਾਬ ਮਿਲਦੇ ਹੀ ਭੀੜ ਭੜਕ ਗਈ ਤੇ ਗੀਤਾ ਨੂੰ ਖਰੀਆਂ-ਖੋਟੀਆਂ ਸੁਣਾਈਆਂ।

ਪ੍ਰੀਤਮ ਨੂੰ ਮਿਲਣ ਆਇਆ ਸੀ ਰਾਜ, ਹੋ ਗਿਆ ਹਾਦਸੇ ਦਾ ਸ਼ਿਕਾਰ
ਰਾਜ  ਕੁਮਾਰ ਵੀ ਕਿਸੇ ਹੋਰ ਕੰਪਨੀ ਵਿਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਕੰਮ ਖਤਮ ਹੋਣ  ਤੋਂ ਬਾਅਦ ਉਹ ਪ੍ਰੀਤਮ ਨੂੰ ਮਿਲਣ ਲਈ ਆਇਆ ਸੀ ਜਿਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।  
ਦੇਰ ਰਾਤ ਤੱਕ ਰਾਜ ਕੁਮਾਰ ਦਾ ਜੌਹਲ ਹਸਪਤਾਲ ਵਿਚ ਆਪ੍ਰੇਸ਼ਨ ਚੱਲ ਰਿਹਾ ਸੀ ਤੇ ਉਸਦੀ  ਹਾਲਤ ਵੀ ਗੰਭੀਰ ਬਣੀ ਹੋਈ ਹੈ।


Related News