ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਖੰਨਾ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ

Thursday, Aug 09, 2018 - 02:25 PM (IST)

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਖੰਨਾ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ

ਸਮਰਾਲਾ (ਸੰਜੇ ਗਰਗ) : ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਚੇਤ ਹੋਈ ਪੁਲਸ ਨੇ ਗੜਬੜੀ ਤੇ ਭੰਨਤੋੜ ਦੀਆਂ ਕਾਰਵਾਈਆਂ ਨੂੰ ਰੋਕਣ ਅਤੇ 'ਅਮਨ-ਕਾਨੂੰਨ' ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿਲਾ ਖੰਨਾ 'ਚ ਪੁਲਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ 'ਸਰਚ ਆਪਰੇਸ਼ਨ' ਆਰੰਭ ਕੇ ਭੀੜ-ਭਾੜ ਵਾਲੀਆਂ ਮੁੱਖ ਥਾਵਾਂ ਸਮੇਤ ਵਾਹਨਾਂ ਦੀ ਤਲਾਸ਼ੀ ਦੌਰਾਨ ਜਿੱਥੇ ਕਈ ਸ਼ੱਕੀ ਕਿਸਮ ਦੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ, ਉੱਥੇ ਹੀ ਪੁਲਸ ਨੇ ਵਾਹਨਾਂ ਦੀ ਚੈਕਿੰਗ ਦੌਰਾਨ ਸਖ਼ਤ ਕਾਰਵਾਈ ਕਰਦੇ ਹੋਏ ਕਈ ਵਾਹਨਾਂ ਦੇ ਚਾਲਾਨ ਕਰਨ ਸਮੇਤ ਕਈ ਵਾਹਨ ਜ਼ਬਤ ਵੀ ਕਰ ਲਏ। 
ਐੱਸ. ਐੱਸ. ਪੀ. ਧਰੁਵ ਦਹੀਆ ਦੀਆਂ ਹਦਾਇਤਾਂ ਮਗਰੋਂ ਰੇਲਵੇ ਸਟੇਸ਼ਨ, ਬੱਸ ਅੱਡਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਬੱਸਾਂ, ਟਰੱਕਾਂ, ਕਾਰਾਂ ਆਦਿ ਸਮੇਤ ਹਰ ਇੱਕ ਵਾਹਨ ਨੂੰ ਰੋਕ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰਦੇ ਹੋਏ ਨਾਕਾਬੰਦੀ ਦੌਰਾਨ ਕਈ ਸ਼ੱਕੀ ਕਿਸਮ ਦੇ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲੈਣ ਸਮੇਤ ਚੰਡੀਗੜ੍ਹ•ਵਲੋਂ ਆਉਣ ਵਾਲੇ ਵਾਹਨਾਂ ਨੂੰ ਵਿਸ਼ੇਸ਼ ਤੌਰ 'ਤੇ ਚੈੱਕ ਕੀਤਾ ਜਾ ਰਿਹਾ ਹੈ।  
ਇਸ ਵਿਸ਼ੇਸ਼ ਸਰਚ ਦੌਰਾਨ ਪੁਲਸ ਨੇ ਪੈਟਰੋਲ ਪੰਪਾਂ, ਢਾਬੇ ਅਤੇ ਰੈਸਟੋਰੈਂਟਾਂ 'ਤੇ ਜਾ ਕੇ ਉਨ੍ਹਾਂ ਨੂੰ ਸੀ. ਸੀ.ਟੀ.ਵੀ. ਕੈਮਰੇ ਲਾਉਣ ਸਮੇਤ ਵਿਜ਼ਟਰ ਰਜਿਸਟਰ ਰੱਖਣ ਦੀ ਹਦਾਇਤ ਕੀਤੀ ਤਾਂ ਜੋ ਸ਼ਹਿਰ 'ਚ ਕੋਈ ਵੀ ਅੱਣਸੁਖਾਵੀ ਘਟਨਾ ਵਾਪਰਨ ਮੌਕੇ ਸ਼ਰਾਰਤੀ ਅਨਸਰਾਂ ਦੀ ਪਛਾਣ ਸੌਖੇ ਤਰੀਕੇ ਨਾਲ ਹੋ ਸਕੇ। 
ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਦੀ ਇਹ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾ 'ਤੇ ਸ਼ੁਰੂ ਹੋਇਆ ਇਹ ਸਪੈਸ਼ਲ 'ਸਰਚ ਆਪਰੇਸ਼ਨ' ਅਮਨ-ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਸਮੇਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਫੀ ਅਸਰਦਾਰ ਸਿੱਧ ਹੋਵੇਗਾ।


Related News