ਆਦਿਲ ਦਾ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੱਖਰੇ ਕਮਰੇ ''ਚ ਦਿਵਾਇਆ ਦੂਸਰਾ ਪੇਪਰ
Saturday, May 05, 2018 - 07:07 AM (IST)

ਜਲੰਧਰ, (ਮ੍ਰਿਦੁਲ)— ਮਕਾਨ ਨੰਬਰ 35 ਏ ਬਸਤੀ ਮਿੱਠੂ ਵਿਚ ਰਹਿਣ ਵਾਲੇ ਆਦਿਲ ਹੁਸੈਨ ਨੂੰ ਦਿੱਲੀ ਪੁਲਸ ਆਪਣੇ ਸਾਈਬਰ ਸੈੱਲ ਦੇ ਮੁਲਾਜ਼ਮਾਂ ਵਲੋਂ ਫੜਨ ਤੋਂ ਬਾਅਦ ਅੱਜ ਜਲੰਧਰ ਦੇ ਸੇਂਟ ਸੋਲਜਰ ਇੰਸਟੀਚਿਊਟ ਵਿਚ ਪ੍ਰੀਖਿਆ ਦਿਵਾਉਣ ਲਈ ਲੈ ਕੇ ਆਈ। ਆਦਿਲ ਨੂੰ ਪ੍ਰੀਖਿਆ ਭਵਨ ਵਿਚ 1.54 ਵਜੇ ਵੱਖਰੇ ਕਮਰੇ ਅੰਦਰ ਲਿਆਂਦਾ ਗਿਆ ਅਤੇ ਪ੍ਰੀਖਿਆ ਖਤਮ ਹੋਣ ਤੋਂ 10 ਮਿੰਟ ਪਹਿਲਾਂ 3.50 ਵਜੇ ਬਾਹਰ ਲਿਆਂਦਾ। ਦਿੱਲੀ ਪੁਲਸ ਬਹੁਤ ਹੀ ਤੇਜ਼ੀ ਨਾਲ ਉਸਨੂੰ ਇਨੋਵਾ ਕਾਰ ਵਿਚ ਲੈ ਕੇ ਚਲੀ ਗਈ।
ਆਦਿਲ ਨੂੰ ਲਿਆਉਣ ਵਾਲੀ ਟੀਮ ਦੀ ਅਗਵਾਈ ਇੰਸ. ਘਨੱਈਆ ਕੁਮਾਰ ਯਾਦਵ ਕਰ ਰਹੇ ਸਨ। ਉਨ੍ਹਾਂ ਨਾਲ 2 ਗੰਨਮੈਨ ਅਤੇ ਬਾਕੀ ਲੋਕਲ ਪੁਲਸ ਸੀ। ਆਦਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸਦਾ ਪਾਕਿਸਤਾਨ ਦੇ ਹੈਕਰ ਆਮਿਰ ਅਤੇ ਫੈਜ਼ਲ ਨਾਲ ਕੋਈ ਸਬੰਧ ਨਹੀਂ ਹੈ, ਹਾਲਾਂਕਿ ਇੰਨਾ ਕਹਿੰਦੇ ਹੀ ਸਾਈਬਰ ਸੈੱਲ ਦੀ ਟੀਮ ਨੇ ਕਾਰ ਨੂੰ ਭਜਾ ਲਿਆ। ਪੱਤਰਕਾਰਾਂ ਨਾਲ ਦੋ ਮਿੰਟ ਦੀ ਗੱਲ ਵਿਚ ਆਦਿਲ ਨੇ ਦੱਸਿਆ ਕਿ ਉਸਨੂੰ ਪੁਲਸ ਨੇ ਝੂਠੇ ਕੇਸ ਵਿਚ ਫਸਾਇਆ ਹੈ। ਸੱਚ ਦਾ ਖੁਲਾਸਾ ਜਲਦ ਹੋ ਜਾਵੇਗਾ। ਆਮਿਰ ਅਤੇ ਫੈਜ਼ਲ ਨੂੰ ਕਦੋਂ ਮਿਲਿਆ ਸੀ, ਬਾਰੇ ਪੁੱਛੇ ਜਾਣ 'ਤੇ ਉਸਨੇ ਕੁਝ ਵੀ ਨਹੀਂ ਦੱਸਿਆ।
10 ਮਿੰਟ ਤੱਕ ਰੁਕੀ ਆਦਿਲ ਦੀ ਕਾਰ, ਦੋਸਤ ਨੇ ਫੜਾਈ ਅਗਲੇ ਪੇਪਰ ਦੀ ਕਿਤਾਬ
ਜ਼ਿਕਰਯੋਗ ਹੈ ਕਿ ਜਦੋਂ ਆਦਿਲ ਨੂੰ ਪੁਲਸ ਦਿੱਲੀ ਲਈ ਇਨੋਵਾ ਕਾਰ ਵਿਚ ਲਿਜਾ ਰਹੀ ਸੀ ਤਾਂ ਆਦਿਲ ਨੇ ਇੰਸਪੈਕਟਰ ਯਾਦਵ ਨੂੰ ਕਿਹਾ ਕਿ ਉਸਨੂੰ ਅਗਲੇ ਪੇਪਰ ਦੀ ਆਪਣੇ ਦੋਸਤ ਕੋਲੋਂ ਕਿਤਾਬ ਚਾਹੀਦੀ ਹੈ ਤਾਂ ਦੋਸਤਾਂ ਨੇ ਉਸਨੂੰ 8 ਮਈ ਨੂੰ ਹੋਣ ਵਾਲੇ ਪੇਪਰ ਇਨਫਰਮੇਸ਼ਨ ਟੈਕਨਾਲੋਜੀ ਦੀ ਕਿਤਾਬ ਦਿੱਤੀ। ਇਸ ਸਾਰੇ ਮਾਮਲੇ ਵਿਚ ਪੁਲਸ 10 ਮਿੰਟ ਤੱਕ ਕਾਰ ਰੋਕਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਈ।
ਹੁਣ 8 ਤੇ 14 ਮਈ ਨੂੰ ਜਲੰਧਰ ਪ੍ਰੀਖਿਆ ਦਿਵਾਉਣ ਲਿਆਵੇਗੀ ਦਿੱਲੀ ਪੁਲਸ
ਆਦਿਲ ਦਾ 8 ਮਈ ਨੂੰ ਇਨਫਰਮੇਸ਼ਨ ਟੈਕਨਾਲੋਜੀ ਦਾ ਪੇਪਰ ਹੈ, ਜਿਸ ਨੂੰ ਲੈ ਕੇ ਪੁਲਸ ਕੋਰਟ ਦੇ ਹੁਕਮਾਂ ਨੂੰ ਪੂਰਾ ਕਰਨ ਲਈ ਹੁਣ 8 ਮਈ ਨੂੰ ਮੁੜ ਦਿੱਲੀ ਤੋਂ ਜਲੰਧਰ ਲੈ ਕੇ ਆਵੇਗੀ, ਜਿਸ ਤੋਂ ਬਾਅਦ ਪੁਲਸ 14 ਮਈ ਨੂੰ ਫਿਰ ਉਸਨੂੰ ਅਗਲੇ ਪੇਪਰ ਲਈ ਜਲੰਧਰ ਦੇ ਸੇਂਟ ਸੋਲਜਰ ਕਾਲਜ ਸਥਿਤ ਪ੍ਰੀਖਿਆ ਕੇਂਦਰ ਵਿਚ ਪੇਪਰ ਦਿਵਾਉਣ ਲਈ ਲੈ ਕੇ ਆਵੇਗੀ।