ਸੰਘਣੀ ਆਬਾਦੀ ''ਚ ਬਣੇ ਏਕਾਂਤਵਾਸ ਕੇਂਦਰ ਨੂੰ ਲੈ ਕੇ ਲੋਕਾਂ ਵਲੋਂ ਪ੍ਰਸ਼ਾਸਨ ਦਾ ਅੱਧੀ ਰਾਤ ਕੀਤਾ ਪਿੱਟ ਸਿਆਪਾ
Thursday, May 14, 2020 - 12:29 PM (IST)
ਤਪਾ ਮੰਡੀ (ਸ਼ਾਮ,ਗਰਗ): ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਲੰਬੇ ਸਮੇਂ ਤੋਂ ਸੂਬਾ ਸਰਕਾਰ ਵਲੋਂ ਕਰਫਿਊ ਲਾਗੂ ਕੀਤਾ ਹੋਇਆ ਹੈ ਤਾਂ ਜੋ ਲੋਕ ਆਪਣੇ ਘਰਾਂ ਅੰਦਰ ਰਹਿ ਕੇ ਇਸ ਮਹਾਂਮਾਰੀ ਤੋਂ ਬਚ ਸਕਣ। ਸਰਕਾਰ ਵਲੋਂ ਦੂਸਰੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਜਾਂ ਸ਼ਰਧਾਲੂਆਂ ਨੂੰ ਏਕਾਂਤਵਾਸ ਕਰਨ ਦੀ ਮਨਸ਼ਾ ਨਾਲ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਏਕਾਂਤਵਾਸ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ। ਸਥਾਨਕ ਮੰਡੀ ਦੇ ਸੰਘਣੀ ਆਬਾਦੀ 'ਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਲੋਕਲ ਪ੍ਰਸ਼ਾਸਨ ਨੇ ਬਿਨਾਂ ਪੜਤਾਲ ਕੀਤੇ ਏਕਾਂਤਵਾਸ ਕੇਂਦਰ ਬਣਾ ਦਿੱਤਾ ਹੈ, ਜਿੱਥੇ ਦੂਸਰੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਨੂੰ ਬੀਤੀ ਰਾਤ ਸਕੂਲ ਅੰਦਰ ਲਿਆਂਦਾ ਜਾ ਰਿਹਾ ਸੀ ਜਿਸ ਦੀ ਭਿਣਕ ਪੈਦਿਆਂ ਸਕੂਲ ਦੇ ਨਾਲ ਲੱਗਦੀਆਂ ਰਿਹਾਇਸ਼ੀ ਮਕਾਨਾਂ ਦੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਏ ਕਿ ਇੱਕ ਪਾਸੇ ਤਾਂ ਸਰਕਾਰ ਇਸ ਵਾਇਰਸ ਨੂੰ ਲਾਗ ਦੀ ਬੀਮਾਰੀ ਦੱਸ ਕੇ ਇਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕਰ ਰਹੇ ਹਨ।
ਦੂਸਰੇ ਪਾਸੇ ਗੁਆਂਢੀ ਸੂਬਿਆਂ 'ਚ ਕੰਬਾਇਨਾਂ ਦੇ ਸੀਜਨ ਅਤੇ ਕੋਰੋਨਾ ਪਾਜ਼ੇਟਿਵ ਆਏ ਸਰਧਾਲੂਆਂ ਦੇ ਸ਼ੱਕੀ ਸਾਥੀਆਂ ਨੂੰ ਇਸ ਸਕੂਲ ਅੰਦਰ ਲਿਆ ਕੇ ਰੱਖ ਰਹੇ ਹਨ ਜੋ ਸਰਾਸਰ ਗਲਤ ਹੈ ਕਿਉਂਕਿ ਇਥੇ ਰਹਿਣ ਵਾਲੇ ਵਿਅਕਤੀ ਆਪਣੇ ਕੱਪੜ ਆਦਿ ਧੋਕੇ ਬਾਹਰ ਸੁੱਕਣੇ ਪਾਉਂਦੇ ਹਨ ਅਤੇ ਸਕੂਲ ਦੀਆਂ ਟੁੱਟੀਆਂ ਖਿੜਕੀਆਂ 'ਚੋਂ ਦੀ ਕੂੜਾ ਕਰਕਟ ਸੁੱਟਣ ਦੇ ਨਾਲ-ਨਾਲ ਅਪਣੇ ਸਾਥੀਆਂ ਨਾਲ ਗੱਲਬਾਤ ਕਰਦੇ ਹਨ, ਜਿਸ ਨਾਲ ਇਸ ਮਹਾਂਮਾਰੀ ਦੇ ਫੈਲਣ ਦਾ ਖਤਰਾ ਹੋਰ ਵੱਧ ਜਾਂਦਾ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਖੁਦਾ ਨਾ ਖਾਸਤਾ ਕੋਈ ਮੁਹੱਲੇ ਦਾ ਵਿਅਕਤੀ ਇਸ ਤਰ੍ਹਾਂ ਦੀ ਅਣਗਹਿਲੀ ਕਾਰਨ ਕੋਰੋਨਾ ਪਾਜ਼ੇਟਿਵ ਹੋ ਗਿਆ ਤਾਂ ਫਿਰ ਕੀ ਹਾਲਾਤ ਹੋਣਗੇ ਦੱਸਣ ਦੀ ਲੋੜ ਨਹੀਂ। ਇਸ ਮੌਕੇ ਮੱਖਣ ਲਾਲ ਰੂੜੇਕੇ,ਲਖਵੀਰ ਕੁਮਾਰ,ਹਰਪਾਲ ਸਿੰਘ,ਜਨਕ ਰਾਜ,ਪਵਨ ਕੁਮਾਰ ਗਰਗ,ਜਸਵੀਰ ਸਿੰਘ ਦਾ ਕਹਿਣਾ ਹੈ ਜੇਕਰ ਇਸ ਏਕਾਂਤਵਾਸ ਕੇਂਦਰ ਨੂੰ ਨਾ ਬਦਲਿਆ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦਾ ਜ਼ਿੰਮੇਵਾਰ ਲੋਕਲ ਪ੍ਰਸ਼ਾਸਨ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਜਦ ਤਹਿਸੀਲਦਾਰ ਤਪਾ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ ਲੋਕ ਮਹਾਂਮਾਰੀ ਦੇ ਇਸ ਭਿਆਨਕ ਸਮੇਂ 'ਚੋਂ ਗੁਜਰ ਰਹੇ ਹਨ। ਸਾਨੂੰ ਸਾਰਿਆਂ ਨੂੰ ਇਸ ਵਾਇਰਸ ਨਾਲ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਇਸ ਜੰਗ ਨੂੰ ਜਿੱਤਿਆ ਜਾ ਸਕੇ। ਸਾਨੂੰ ਕਿਸੇ ਵੀ ਸ਼ੱਕੀ ਵਿਅਕਤੀ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ।