ਸੀਲ ਹੋਈਆਂ ਨਾਜਾਇਜ਼ ਬਿਲਡਿੰਗਾਂ ''ਤੇ ਵੀ ਚੱਲੇਗੀ ਨਿਗਮ ਦੀ ਡਿੱਚ ਮਸ਼ੀਨ

Thursday, Nov 28, 2019 - 01:31 PM (IST)

ਸੀਲ ਹੋਈਆਂ ਨਾਜਾਇਜ਼ ਬਿਲਡਿੰਗਾਂ ''ਤੇ ਵੀ ਚੱਲੇਗੀ ਨਿਗਮ ਦੀ ਡਿੱਚ ਮਸ਼ੀਨ

 

ਜਲੰਧਰ (ਖੁਰਾਣਾ)— ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਸ਼ਹਿਰ ਦੀਆਂ 448 ਨਾਜਾਇਜ਼ ਬਿਲਡਿੰਗਾਂ/ਨਾਜਾਇਜ਼ ਕਾਲੋਨੀਆਂ ਨੂੰ ਲੈ ਕੇ ਜੋ ਜਨਹਿੱਤ ਪਟੀਸ਼ਨ ਦਾਇਰ ਹੈ, ਉਸ 'ਤੇ 3 ਦਸੰਬਰ ਨੂੰ ਹੋਣ ਜਾ ਰਹੀ ਸੁਣਵਾਈ ਦੇ ਮੱਦੇਨਜ਼ਰ ਨਗਰ ਨਿਗਮ ਨੇ ਵੱਡੇ ਡੈਮੋਲੇਸ਼ਨ ਐਕਸ਼ਨ ਦੀ ਪਲਾਨਿੰਗ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਨਿਗਮ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਸੀਲ ਕੀਤੀਆਂ ਗਈਆਂ ਨਾਜਾਇਜ਼ ਬਿਲਡਿੰਗਾਂ 'ਤੇ ਵੀ ਡਿੱਚ ਚਲਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਬਿਲਡਿੰਗਾਂ ਨੂੰ ਸੀਲ ਕਰਦੇ ਸਮੇਂ ਨਿਗਮ ਨੇ ਐਫੀਡੇਵਿਟ ਲਏ ਸਨ ਕਿ ਬਿਲਡਿੰਗ ਮਾਲਕ ਖੁਦ ਬਿਲਡਿੰਗਾਂ ਨੂੰ ਨਿਯਮਾਂ ਅਨੁਸਾਰ ਠੀਕ ਕਰ ਲੈਣਗੇ। ਨਿਗਮ ਸੂਤਰਾਂ ਮੁਤਾਬਿਕ ਜ਼ਿਆਦਾਤਰ ਬਿਲਡਿੰਗ ਮਾਲਕਾਂ ਨੇ ਸੀਲ ਲੱਗਣ 'ਤੇ ਸੀਲ ਖੁੱਲ੍ਹਣ ਤੋਂ ਬਾਅਦ ਆਪਣੀਆਂ ਬਿਲਡਿੰਗਾਂ ਨੂੰ ਨਿਯਮਾਂ ਮੁਤਾਬਿਕ ਠੀਕ ਨਹੀਂ ਕੀਤਾ, ਜਿਸ ਕਾਰਣ ਨਿਗਮ ਹੁਣ ਸੀਲ ਹੋਈਆਂ ਬਿਲਡਿਗਾਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਨਿਗਮ ਦੇ ਐਕਸ਼ਨ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਕਾਰਨ ਹੁਣ ਨਿਗਮ ਅਧਿਕਾਰੀ ਆਪਣੀ ਚਮੜੀ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਹਾਈ ਕੋਰਟ ਨਾਜਾਇਜ਼ ਬਿਲਡਿੰਗਾਂ 'ਤੇ ਐਕਸ਼ਨ ਨਾ ਲੈਣ ਦੇ ਦੋਸ਼ 'ਚ ਅਧਿਕਾਰੀਆਂ 'ਤੇ ਹੀ ਕੋਈ ਸਖਤ ਕਾਰਵਾਈ ਨਾ ਕਰ ਦੇਵੇ। ਪਤਾ ਲੱਗਾ ਹੈ ਕਿ ਇਸ ਦੇ ਮੱਦੇਨਜ਼ਰ ਅੱਜ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਨਿਗਮ ਦੇ ਐੱਮ. ਟੀ. ਪੀ. ਪਰਮਪਾਲ ਸਿੰਘ ਨੇ ਸ਼ਹਿਰ ਦੀਆਂ ਕਈ ਨਾਜਾਇਜ਼ ਬਿਲਡਿੰਗਾਂ ਦਾ ਚੁੱਪ-ਚੁਪੀਤੇ ਦੌਰਾ ਕੀਤਾ। ਇਹ ਹੀ ਮੰਨਿਆ ਜਾ ਰਿਹਾ ਹੈ ਕਿ ਨਿਗਮ ਆਉਣ ਵਾਲੇ ਦਿਨਾਂ ਵਿਚ ਸਵੇਰੇ ਤੜਕੇ ਜਾਂ ਹਨੇਰੇ ਵਿਚ ਨਾਜਾਇਜ਼ ਬਿਲਡਿੰਗਾਂ 'ਤੇ ਵੱਡਾ ਐਕਸ਼ਨ ਕਰ ਸਕਦਾ ਹੈ।

ਕੁੱਲ 88 ਨਾਜਾਇਜ਼ ਬਿਲਡਿੰਗਾਂ ਨੂੰ ਲੱਗ ਚੁੱਕੀ ਹੈ ਸੀਲ
ਅਸਲ 'ਚ ਨਗਰ ਨਿਗਮ 'ਚ ਸੀਲ ਦੀ ਖੇਡ ਸਾਲਾਂ ਤੋਂ ਚੱਲ ਰਹੀ ਹੈ। ਕਿਸੇ ਵੀ ਨਾਜਾਇਜ਼ ਬਿਲਡਿੰਗ ਨੂੰ ਕਾਰਵਾਈ ਤੋਂ ਬਚਾਉਣ ਲਈ ਉਸ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਤੇ ਬਾਅਦ ਵਿਚ ਸਿਆਸੀ ਦਬਾਅ ਤਹਿਤ ਐਫੀਡੇਵਿਟ ਲੈ ਕੇ ਸੀਲ ਖੋਲ੍ਹ ਦਿੱਤੀ ਜਾਂਦੀ ਹੈ। ਵਧੇਰੇ ਮਾਮਲਿਆਂ ਵਿਚ ਇਹ ਐਫੀਡੇਵਿਟ ਝੂਠੇ ਸਾਬਿਤ ਹੁੰਦੇ ਹਨ। ਕਈ ਐਫੀਡੇਵਿਟ ਵਿਚ ਲਿਖ ਕੇ ਦਿੱਤਾ ਜਾਂਦਾ ਹੈ ਕਿ ਬਿਲਡਿੰਗ ਦੀ ਕਮਰਸ਼ੀਅਲ ਵਰਤੋਂ ਨਹੀਂ ਹੋਵੇਗੀ ਪਰ ਉਥੇ ਧੜੱਲੇ ਨਾਲ ਕਾਰੋਬਾਰ ਚੱਲਦੇ ਰਹਿੰਦੇ ਹਨ। ਨਿਗਮ ਇਨ੍ਹਾਂ ਐਫੀਡੈਵਿਟਾਂ ਨੂੰ ਆਧਾਰ ਬਣਾ ਕੇ ਸਖਤ ਕਾਰਵਾਈ ਕਰਨ ਦਾ ਪਲਾਨ ਬਣਾ ਚੁੱਕਾ ਹੈ।

ਦਰਜਨਾਂ ਬਿਲਡਿੰਗਾਂ ਨੂੰ ਦਿੱਤੇ ਡੈਮੋਲੇਸ਼ਨ ਨੋਟਿਸ, ਵਾਇਲੇਸ਼ਨ ਠੀਕ ਕਰਨ ਲਈ ਦਿੱਤਾ 3 ਦਿਨ ਦਾ ਸਮਾਂ
ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਦਰਜਨਾਂ ਨਾਜਾਇਜ਼ ਬਿਲਡਿੰਗਾਂ ਨੂੰ ਡੈਮੋਲੇਸ਼ਨ ਨੋਟਿਸ ਸਰਵ ਕਰ ਦਿੱਤੇ ਹਨ, ਜਿਨ੍ਹਾਂ ਵਿਚ ਬਿਲਡਿੰਗ ਮਾਲਕਾਂ ਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ ਜਾਂ ਤਾਂ ਉਹ ਖੁਦ ਬਿਲਡਿੰਗ ਦੀ ਵਾਇਲੇਸ਼ਨ ਨੂੰ ਦੂਰ ਕਰ ਲੈਣ ਜਾਂ ਨਿਗਮ ਦੀ ਕਾਰਵਾਈ ਲਈ ਤਿਆਰ ਰਹਿਣ। ਨੋਟਿਸਾਂ ਵਿਚ ਨਿਗਮ ਨੇ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਹੁਣ ਕੋਈ ਹੋਰ ਨੋਟਿਸ ਦਿੱਤੇ ਬਗੈਰ ਨਿਗਮ ਇਨ੍ਹਾਂ ਨੂੰ ਡੇਗ ਸਕੇਗਾ, ਜਿਸ ਦੇ ਖਰਚੇ ਦੀ ਜ਼ਿੰਮੇਵਾਰੀ ਵੀ ਬਿਲਡਿੰਗ ਮਾਲਕ ਦੀ ਹੋਵੇਗੀ।

ਨਿਗਮ ਨੇ ਪੈਲੇਸ, ਢਾਬਿਆਂ ਤੇ ਹਸਪਤਾਲਾਂ ਦੇ ਕੱਟੇ 14 ਚਲਾਨ, ਗਿੱਲੇ ਤੇ ਸੁੱਕੇ ਕੂੜੇ ਨੂੰ ਕਰ ਰਹੇ ਸਨ ਮਿਕਸ
ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਨੇ ਬੀਤੇ ਦਿਨ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਦੇ ਨਿਰਦੇਸ਼ਾਂ 'ਤੇ ਕਈ ਥਾਵਾਂ 'ਤੇ ਕਾਰਵਾਈ ਕਰਕੇ 14 ਚਲਾਨ ਕੱਟੇ, ਜੋ ਗਿੱਲੇ ਤੇ ਸੁੱਕੇ ਕੂੜੇ ਨੂੰ ਡੰਪ 'ਤੇ ਸੁੱਟਣ ਤੋਂ ਪਹਿਲਾਂ ਵੱਖਰਾ-ਵੱਖਰਾ ਨਾ ਕਰਕੇ ਮਿਕਸ ਕਰ ਰਹੇ ਸਨ, ਜਿਨ੍ਹਾਂ ਸੰਸਥਾਵਾਂ ਦੇ ਚਲਾਨ ਕੱਟੇ ਗਏ ਉਨ੍ਹਾਂ ਵਿਚ ਵੀ. ਪੀ. ਪੈਲੇਸ ਕਪੂਰਥਲਾ ਰੋਡ, ਗੁਰੂ ਨਾਨਕ ਢਾਬਾ, ਬਾਂਬੇ ਰਿਜੈਂਸੀ, ਜਿਨਜੈਗ ਰੈਸਟੋਰੈਂਟ, ਬਲਬੀਰ ਹਸਪਤਾਲ, ਪਸਰੀਚਾ ਹਸਪਤਾਲ, ਵਾਸਲ ਹਸਪਤਾਲ, ਜੋਸ਼ੀ ਹਸਪਤਾਲ ਅਤੇ ਟੈਗੋਰ ਹਸਪਤਾਲ ਸ਼ਾਮਲ ਹਨ। ਇਹ ਕਾਰਵਾਈ ਸੋਨੀ ਗਿੱਲ, ਮੋਨਿਕਾ ਸੇਖੜੀ, ਅਸ਼ੋਕ ਭੀਲ ਅਤੇ ਰਿੰਮੀ ਕਲਿਆਣ ਦੀ ਅਗਵਾਈ ਵਿਚ ਅੰਜਾਮ ਦਿੱਤੀ ਗਈ।


author

shivani attri

Content Editor

Related News