ਸਰਕਾਰ ਦੇ ਦਬਾਅ ਹੇਠ SDM! ਮੁੱਖ ਸਕੱਤਰ ਨੂੰ ਭੇਜੀ ਚਿੱਠੀ, ਸਿਆਸਤ ਗਰਮਾਈ

Sunday, Mar 22, 2026 - 09:24 PM (IST)

ਸਰਕਾਰ ਦੇ ਦਬਾਅ ਹੇਠ SDM! ਮੁੱਖ ਸਕੱਤਰ ਨੂੰ ਭੇਜੀ ਚਿੱਠੀ, ਸਿਆਸਤ ਗਰਮਾਈ

ਬਾਘਾਪੁਰਾਣਾ (ਅਜੇ) – ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਵੀ ਗਹਿਰਾ ਹੋ ਗਿਆ ਹੈ। ਨਵੀਂ ਚਿੱਠੀ ਸਾਹਮਣੇ ਆਉਣ ਨਾਲ ਮਾਮਲਾ ਸਿਰਫ਼ ਪ੍ਰਸ਼ਾਸਨਕ ਹੀ ਨਹੀਂ, ਸਗੋਂ ਸਿਆਸੀ ਪੱਖੋਂ ਵੀ ਕਾਫੀ ਗਰਮ ਹੋ ਚੁੱਕਾ ਹੈ। ਸੂਤਰਾਂ ਅਨੁਸਾਰ ਬਾਘਾਪੁਰਾਣਾ ਦੇ ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ ਵੱਲੋਂ 17 ਮਾਰਚ ਨੂੰ ਡਿਪਟੀ ਕਮਿਸ਼ਨਰ ਮੋਗਾ ਨੂੰ ਭੇਜੀ ਗਈ ਪਹਿਲੀ ਚਿੱਠੀ ਵਿੱਚ ਦਰਸਾਇਆ ਗਿਆ ਸੀ ਕਿ ਲਾਅ ਐਂਡ ਆਰਡਰ ਦੀ ਨਾਜ਼ੁਕ ਸਥਿਤੀ ਕਾਰਨ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। 

ਇਸ ਨਾਲ ਇਹ ਗੱਲ ਸਪੱਸ਼ਟ ਹੋਈ ਸੀ ਕਿ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਅਧੂਰੀ ਰਹਿ ਗਈ ਸੀ। ਪਰ ਹੁਣ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਐਸ.ਡੀ.ਐਮ ਵੱਲੋਂ ਚੀਫ ਸੈਕਟਰੀ ਚੰਡੀਗੜ੍ਹ ਨੂੰ ਅੱਧੀ ਰਾਤ ਕਰੀਬ 3:13 ਵਜੇ ਭੇਜੀ ਗਈ ਇੱਕ ਹੋਰ ਚਿੱਠੀ ਸਾਹਮਣੇ ਆਈ ਹੈ। ਰਾਤ ਦੇ ਸਮੇਂ ਭੇਜੀ ਗਈ ਇਸ ਚਿੱਠੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖ਼ਿਰ ਕਿਹੜੀ ਅਜਿਹੀ ਤਤਕਾਲੀ ਸਥਿਤੀ ਬਣੀ ਜਿਸ ਕਾਰਨ ਉੱਚ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰਨਾ ਲਾਜ਼ਮੀ ਸਮਝਿਆ ਗਿਆ।

ਇਸ ਮਾਮਲੇ ਨੂੰ ਲੈ ਕੇ ਸਿਆਸੀ ਪੱਖ ਵੀ ਖੁੱਲ੍ਹ ਕੇ ਮੈਦਾਨ ਵਿੱਚ ਆ ਗਏ ਹਨ। ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਡਿਪਟੀ ਕਮਿਸ਼ਨਰ ਅਤੇ ਸਥਾਨਕ ਵਿਧਾਇਕ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ ਉਠਾਏ ਹਨ। ਇਸ ਦੇ ਨਾਲ ਹੀ ਮੋਗਾ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ’ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਰਕਾਰ, ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਨੂੰ ਨਿਸ਼ਾਨਾ ਬਣਾਇਆ। 

ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਲੋਕਤੰਤਰਕ ਮਰਯਾਦਾਂ ਦੀ ਖੁੱਲ੍ਹੀ ਉਲੰਘਣਾ ਹੈ ਅਤੇ ਇਸਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਮੌਜੂਦਾ ਸਥਿਤੀ ਵਿੱਚ ਬਾਘਾਪੁਰਾਣਾ ਬਲਾਕ ਸੰਮਤੀ ਚੋਣ ਦਾ ਮਾਮਲਾ ਹੁਣ ਸਿਰਫ਼ ਇੱਕ ਸਥਾਨਕ ਚੋਣ ਨਹੀਂ ਰਹਿ ਗਿਆ, ਸਗੋਂ ਇਹ ਪ੍ਰਸ਼ਾਸਨਕ ਪਾਰਦਰਸ਼ਤਾ ਅਤੇ ਸਿਆਸੀ ਦਬਾਅ ਦੀ ਵੱਡੀ ਕਸੌਟੀ ਬਣ ਚੁੱਕਾ ਹੈ। ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਸਾਫ਼ ਅਤੇ ਅਧਿਕਾਰਕ ਸਪੱਸ਼ਟਤਾ ਦੀ ਉਡੀਕ ਕੀਤੀ ਜਾ ਰਹੀ ਹੈ। ਜੇਕਰ ਜਲਦੀ ਹੀ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਸਪੱਸ਼ਟ ਨਾ ਕੀਤਾ ਗਿਆ ਤਾਂ ਇਹ ਵਿਵਾਦ ਹੋਰ ਵੀ ਭੜਕ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਏ ਜਾਣ ਵਾਲੇ ਫ਼ੈਸਲੇ ਇਸ ਮਾਮਲੇ ਦੀ ਦਿਸ਼ਾ ਤੈਅ ਕਰਨਗੇ।


author

Inder Prajapati

Content Editor

Related News