ਸਕੂਟਰੀ ਸਵਾਰਾਂ ਨੇ ਦਿਨ ਦਿਹਾੜੇ ਘਰ ਨੇੜਿਓਂ ਚੁੱਕੀ 6 ਸਾਲ ਦੀ ਬੱਚੀ, ਇਲਾਕੇ ’ਚ ਦਹਿਸ਼ਤ

Wednesday, Aug 18, 2021 - 06:20 PM (IST)

ਸਕੂਟਰੀ ਸਵਾਰਾਂ ਨੇ ਦਿਨ ਦਿਹਾੜੇ ਘਰ ਨੇੜਿਓਂ ਚੁੱਕੀ 6 ਸਾਲ ਦੀ ਬੱਚੀ, ਇਲਾਕੇ ’ਚ ਦਹਿਸ਼ਤ

ਭਵਾਨੀਗੜ੍ਹ  (ਵਿਕਾਸ): ਪਿੰਡ ਘਰਾਚੋਂ ’ਚ ਅੱਜ ਦਿਨ ਦਿਹਾੜੇ ਸਕੂਟਰੀ ਸਵਾਰ ਨਕਾਬਪੋਸ਼ ਇਕ ਘਰ ਦੇ ਬਾਹਰੋਂ 6 ਸਾਲ ਦੀ ਬੱਚੀ ਨੂੰ ਚੁੱਕ ਕੇ ਫ਼ਰਾਰ ਹੋ ਗਏ।ਨਾਗਰਾ ਲਿੰਕ ਸੜਕ ’ਤੇ ਦੁਪਹਿਰ ਸਮੇਂ ਵਾਪਰੀ ਇਸ ਘਟਨਾ ਦੀ ਖ਼ਬਰ ਪਿੰਡ ’ਚ ਜੰਗਲ ਦੀ ਅੱਗ ਵਾਂਗੂ ਫੈਲ ਗਈ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ। ਉਧਰ, ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਤੇ ਮੌਕੇ ’ਤੇ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਸਮੇਤ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਤਨਾਮ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਬੱਚਾ ਚੁੱਕ ਕੇ ਫ਼ਰਾਰ ਹੋਏ ਲੋਕਾਂ ਦਾ ਸੁਰਾਗ ਲੱਭਣ ਲਈ ਪਿੰਡ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਫਰੀਦਕੋਟ ’ਚ ਫੈਲੀ ਸਨਸਨੀ, ਅਣਪਛਾਤਿਆਂ ਵਲੋਂ ਕਾਰ ਸਵਾਰ ’ਤੇ ਹਮਲਾ, ਇਕ ਦੀ ਮੌਤ

ਘਟਨਾ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਘਰਾਚੋਂ ਤੋਂ ਨਾਗਰਾ ਪਿੰਡ ਨੂੰ ਜਾਂਦੀ ਲਿੰਕ ਰੋਡ ’ਤੇ ਸਥਿਤ ਇਕ ਘਰ ਦੇ ਬਾਹਰ ਦੁਪਹਿਰ ਸਮੇਂ ਸਕੂਟਰੀ ’ਤੇ ਮੂੰਹ ਬੰਨ੍ਹ ਕੇ ਆਏ ਵਿਅਕਤੀ ਤੇ ਔਰਤ ਉੱਥੇ ਖੇਡ ਰਹੀ 6 ਸਾਲ ਦੀ ਕੁੜੀ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ।ਪੁਲਸ ਨੂੰ ਮੁੱਢਲੀ ਜਾਂਚ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਚੁੱਕੀ ਗਈ ਬੱਚੀ ਦੇ ਮਾਤਾ-ਪਿਤਾ ਦਾ ਪਿਛਲੇ ਡੇਢ ਸਾਲ ਤੋਂ ਆਪਸ ’ਚ ਘਰੇਲੂ ਝਗੜਾ ਚੱਲ ਰਹਾ ਹੈ ਤੇ ਬੱਚੀ ਦੀ ਮਾਂ ਹੀ ਬੱਚੀ ਨੂੰ ਚੁੱਕ ਕੇ ਲੈ ਗਈ ਹੈ।

ਇਹ ਵੀ ਪੜ੍ਹੋ :  ਬਠਿੰਡਾ ’ਚ ਨਸ਼ੇ ਦਾ ਕਹਿਰ, ਚਿੱਟੇ ਦੀ ਓਵਰਡੋਜ਼ ਨਾਲ ਇਕ ਹੋਰ 28 ਸਾਲਾ ਨੌਜਵਾਨ ਦੀ ਮੌਤ

ਥਾਣਾ ਮੁਖੀ ਸੰਧੂ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਸ ਨੇ ਟੀਮਾਂ ਗਠਿਤ ਕਰ ਕੇ ਬੱਚੇ ਨੂੰ ਲਿਜਾਣ ਵਾਲੀ ਔਰਤ ਤੇ ਉਸਦੇ ਨਾਲ ਆਏ ਵਿਅਕਤੀ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਚੁੱਕੀ ਗਈ ਬੱਚੀ ਦੀ ਦਾਦੀ ਮਲਕੀਤ ਕੌਰ ਨੇ ਦੱਸਿਆ ਕਿ ਉਸਦੇ ਮੁੰਡੇ ਗੁਰਜੀਤ ਸਿੰਘ ਦੀ ਆਪਣੀ ਪਤਨੀ ਨਾਲ ਅਣਬਣ ਚੱਲਦੀ ਹੈ। ਉਸਦੀਆਂ 2 ਪੋਤੀਆਂ ਤੇ ਇਕ ਪੋਤਾ ਉਸ ਨਾਲ ਰਹਿੰਦੇ ਹਨ। ਮੰਗਲਵਾਰ ਦੁਪਹਿਰੇ ਉਸਦੀ ਛੋਟੀ ਪੋਤੀ ਅਮਨਦੀਪ ਕੌਰ ਆਪਣੀ ਵੱਡੀ ਭੈਣ ਨੂੰ ਘਰੋਂ ਬਾਹਰ ਸੜਕ ’ਤੇ ਦੇਖਣ ਗਈ ਸੀ ਜਿਸ ਦੌਰਾਨ ਗੁਰਜੀਤ ਸਿੰਘ ਦੀ ਪਤਨੀ ਉਸਦੀ ਛੋਟੀ ਪੋਤੀ ਨੂੰ ਸਕੂਟਰੀ ’ਤੇ ਚੁੱਕ ਕੇ ਲੈ ਗਈ। ਇਸ ਦੌਰਾਨ ਉਸ ਨਾਲ ਇਕ ਹੋਰ ਵਿਅਕਤੀ ਵੀ ਸੀ।

ਇਹ ਵੀ ਪੜ੍ਹੋ :  ਅਫਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਬਣੇ ਹਾਲਾਤ ’ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ


author

Shyna

Content Editor

Related News