15 ਤੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਕੂਲ ਤੇ ਕੋਚਿੰਗ ਸੰਸਥਾਵਾਂ ਮੁਡ਼ ਖੁੱਲ੍ਹਣਗੀਆਂ : ਡੀ. ਸੀ.

Wednesday, Oct 14, 2020 - 12:01 AM (IST)

15 ਤੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਕੂਲ ਤੇ ਕੋਚਿੰਗ ਸੰਸਥਾਵਾਂ ਮੁਡ਼ ਖੁੱਲ੍ਹਣਗੀਆਂ : ਡੀ. ਸੀ.

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਸਰਕਾਰ ਵੱਲੋਂ ਸਕੂਲਾਂ ਅਤੇ ਕੋਚਿੰਗ ਸੰਸਥਾਵਾਂ ਨੂੰ ਪਡ਼ਾਅਵਾਰ ਮੁਡ਼ ਖੋਲ੍ਹਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਇਸ ਸਬੰਧੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 144 ਤਹਿਤ ਜਾਰੀ ਹੁਕਮਾਂ ਅਨੁਸਾਰ 15 ਅਕਤੂਬਰ ਤੋਂ ਬਾਅਦ ਸਕੂਲ ਅਤੇ ਕੋਚਿੰਗ ਸੰਸਥਾਵਾਂ ਕੁੱਝ ਸ਼ਰਤਾਂ ਅਨੁਸਾਰ ਖੋਲ੍ਹੀਆਂ ਜਾ ਸਕਣਗੀਆਂ। ਹੁਕਮਾਂ ਅਨੁਸਾਰ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਨੂੰ ਉਤਸ਼ਾਹਿਤ ਕਰਦਿਆਂ ਇਸ ਰਾਹੀਂ ਪਡ਼੍ਹਾਈ ਨੂੰ ਤਰਜੀਹ ਦਿੱਤੀ ਜਾਵੇਗੀ। ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਹਦਾਇਤਾਂ ਤਹਿਤ ਸਿਰਫ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਸਹਿਮਤੀ ਨਾਲ ਸਕੂਲਾਂ ਅਤੇ ਇਨ੍ਹਾਂ ਸੰਸਥਾਵਾਂ ਵਿਚ ਜਾਣ ਦੀ ਇਜਾਜ਼ਤ ਰਹੇਗੀ। ਵਿਦਿਆਰਥੀਆਂ ਦੀ ਹਾਜ਼ਰੀ ਪੂਰੀ ਤਰ੍ਹਾਂ ਮਾਪਿਆਂ ਦੀ ਸਹਿਮਤੀ ’ਤੇ ਨਿਰਭਰ ਹੋਵੇਗੀ।

ਹਦਾਇਤਾਂ ਮੁਤਾਬਕ 15 ਅਕਤੂਬਰ ਤੋਂ ਬਾਅਦ ਜਿਹਡ਼ੇ ਸਕੂਲ ਖੋਲ੍ਹੇ ਜਾਣਗੇ ਉਨ੍ਹਾਂ ਲਈ ਸਕੂਲ ਸਿੱਖਿਆ ਵਿਭਾਗ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਦੀ ਪਾਲਣਾ ਨੂੰ ਇਨ-ਬਿਨ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਹਰ ਸਕੂਲ ਨੂੰ ਇਕ ‘ਕੋਵਿਡ ਮੋਨੀਟਰ’ ਲਾਉਣਾ ਪਵੇਗਾ ਜਿਹਡ਼ਾ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਾਉਣ ਲਈ ਜ਼ਿੰਮੇਵਾਰ ਹੋਵੇਗਾ।

ਇਸ ਤੋਂ ਇਲਾਵਾ ਪ੍ਰਯੋਗਸ਼ਾਲਾਵਾਂ, ਪ੍ਰਯੋਗਾਤਮਕ ਕਾਰਜਾਂ ਦੀ ਜ਼ਰੂਰਤ ਅਨੁਸਾਰ ਸਿਰਫ਼ ਖੋਜ ਸਕਾਲਰਾਂ (ਪੀ. ਐੱਚ. ਡੀ.) ਅਤੇ ਸਾਇੰਸ ਅਤੇ ਤਕਨਾਲੋਜੀ ਸਟਰੀਮ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਅਦਾਰੇ 15 ਅਕਤੂਬਰ ਤੋਂ ਬਾਅਦ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਕੇਂਦਰ ਸਰਕਾਰ ਤੋਂ ਫੰਡ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ਸਬੰਧੀ ਸੰਸਥਾ ਦੇ ਮੁਖੀ ਪ੍ਰਯੋਗਸ਼ਾਲਾਵਾਂ, ਪ੍ਰਯੋਗਾਤਮਕ ਕਾਰਜਾਂ ਦੀ ਲੋਡ਼ ਅਨੁਸਾਰ ਖੋਜ ਵਿਦਵਾਨਾਂ ਅਤੇ ਵਿਗਿਆਨ ਅਤੇ ਤਕਨਾਲੋਜੀ ਸਟਰੀਮ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਦੀ ਲੋਡ਼ ਮੁਤਾਬਕ ਫੈਸਲਾ ਲਵੇਗਾ।

ਇਸ ਤੋਂ ਇਲਾਵਾ ਰਾਜ ਦੀਆਂ ਹੋਰ ਉੱਚ ਸਿੱਖਿਆ ਸੰਸਥਾਵਾਂ ਜਿਵੇਂ ਕਿ ਸਰਕਾਰੀ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ 15 ਅਕਤੂਬਰ ਤੋਂ ਪ੍ਰਯੋਗਸ਼ਾਲਾਵਾਂ, ਪ੍ਰਯੋਗਾਤਮਕ ਲੋਡ਼ਾਂ ਅਨੁਸਾਰ ਕੇਵਲ ਖੋਜ ਵਿਦਵਾਨਾਂ (ਪੀ. ਐੱਚ. ਡੀ.) ਅਤੇ ਸਾਇੰਸ ਅਤੇ ਤਕਨਾਲੋਜੀ ਵਿਸ਼ਿਆਂ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਖਿਡਾਰੀਆਂ ਲਈ ਵਰਤੇ ਜਾਂਦੇ ਤੈਰਾਕੀ ਪੂਲ ਨੂੰ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਅਤੇ ਖੇਡ ਮੰਤਰਾਲੇ ਵੱਲੋਂ ਜਾਰੀ ਕੀਤੇ ਜਾਣ ਵਾਲੇ ਐੱਸ. ਓ. ਪੀਜ਼. ਅਨੁਸਾਰ 15 ਅਕਤੂਬਰ ਤੋਂ ਬਾਅਦ ਖੋਲ੍ਹਣ ਦੀ ਆਗਿਆ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਵੱਲੋਂ ਜਾਰੀ ਐੱਸ. ਓ. ਪੀਜ਼. ਅਨੁਸਾਰ 15 ਅਕਤੂਬਰ ਤੋਂ ਬਿਜ਼ਨਸ-ਟੂ-ਬਿਜ਼ਨਸ (ਬੀ-2-ਬੀ) ਪ੍ਰਦਰਸ਼ਨੀਆਂ ਖੋਲ੍ਹਣ ਦੀ ਵੀ ਆਗਿਆ ਦੇ ਦਿੱਤੀ ਗਈ ਹੈ।

ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਮਾਜਿਕ, ਅਕਾਦਮਿਕ, ਖੇਡਾਂ, ਮਨੋਰੰਜਨ, ਸੱਭਿਆਚਾਰਕ, ਧਾਰਮਿਕ, ਰਾਜਨੀਤਕ ਸਮਾਗਮ, ਜਿਨ੍ਹਾਂ ਵਿਚ ਵਿਆਹ ਤੇ ਸਸਕਾਰ ਅਤੇ ਹੋਰ ਸਮਾਗਮ ਸ਼ਾਮਲ ਹਨ, ਲਈ ਪਹਿਲਾਂ ਹੀ 100 ਵਿਅਕਤੀਆਂ ਦੀ ਹੱਦ ਨਾਲ ਆਗਿਆ ਦਿੱਤੀ ਗਈ ਹੈ। ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਇਸ ਤਰ੍ਹਾਂ ਦੇ ਇਕੱਠਾਂ ਲਈ 100 ਵਿਅਕਤੀਆਂ ਦੀ ਨਿਰਧਾਰਤ ਸੀਮਾ ਤੋਂ ਵੱਧ ਇਕੱਠ ਕਰਨ ਦੀ ਆਗਿਆ ਕੱੁਝ ਸ਼ਰਤਾਂ ਤਹਿਤ 15 ਅਕਤੂਬਰ ਤੋਂ ਹੋਵੇਗੀ ਜਿਵੇਂ ਕਿ ਬੰਦ ਥਾਵਾਂ ਵਿਚ 200 ਵਿਅਕਤੀਆਂ ਦੀ ਗਿਣਤੀ ਦੇ ਨਾਲ ਹਾਲ ਦੀ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਦੀ ਆਗਿਆ ਹੈ। ਇਸੇ ਤਰ੍ਹਾਂ ਇਨ੍ਹਾਂ ਥਾਵਾਂ ’ਤੇ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਲਾਜ਼ਮੀ ਹੋਵੇਗੀ।

ਹਦਾਇਤਾਂ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਪਾਏ ਜਾਣ ’ਤੇ ਸਬੰਧਤ ਲੋਕਾਂ ਖਿਲਾਫ਼ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 51 ਤੋਂ 60 ਦੇ ਨਾਲ-ਨਾਲ ਆਈ. ਪੀ. ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

Bharat Thapa

Content Editor

Related News