ਰੋਂਦਿਆਂ ਕੁਰਲਾਉਂਦਿਆਂ ਬੱਚਿਆਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਲਈ ਕੀਰਤਪੁਰ ਸਾਹਿਬ ਰਵਾਨਾ ਹੋਏ ਪਰਿਵਾਰ
Tuesday, Feb 18, 2020 - 06:49 PM (IST)
ਲੌਂਗੋਵਾਲ (ਵਸ਼ਿਸਟ) : ਚੀਕਾਂ ਅਤੇ ਧਾਹਾਂ ਦੀਆਂ ਆਵਾਜ਼ਾਂ ਨੇ ਅੱਜ ਫਿਰ ਉਸ ਮਨਹੂਸ ਸਕੂਲ ਵੈਨ ਦੇ ਰੂਹ ਕੰਬਾਊ ਦ੍ਰਿਸ਼ ਨੂੰ ਲੋਕਾਂ ਦੀਆਂ ਅੱਖਾਂ ਸਾਹਮਣੇ ਲਿਆ ਦਿੱਤਾ, ਜਿਸ ਨੇ ਚਾਰ ਮਾਵਾਂ ਦੀਆਂ ਗੋਦੀਆਂ ਖਾਲੀ ਕਰ ਦਿੱਤੀਆਂ ਸਨ। ਸਕੂਲ ਵੈਨ ਹਾਦਸੇ 'ਚ ਮਾਰੇ ਗਏ ਚਾਰ ਮਾਸੂਮ ਬੱਚਿਆਂ ਦੀਆਂ ਅਸਥੀਆਂ ਚੁਗਣ ਲਈ ਰਾਮਬਾਗ 'ਚ ਪੁੱਜੇ ਪੀੜਤ ਪਰਿਵਾਰ ਦਾ ਦੁੱਖ ਅੱਜ ਫਿਰ ਉੱਛਲ ਪਿਆ। “ਕੋਈ ਮੇਰੀਆਂ ਧੀਆਂ ਨੂੰ ਮੋੜ ਕੇ ਲਿਆ ਦਿਓ, ਮੇਰਾ ਪੁੱਤ ਪਰਸੋਂ ਦਾ ਭੁੱਖਾ ਉਹਨੂੰ ਕੋਈ ਰੋਟੀ ਵਾਲਾ ਟਿਫਨ ਫੜਾ ਦਿਓ।'' ਇਨ੍ਹਾਂ ਚੀਕਾਂ ਨੇ ਲੋਕਾਂ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ। ਆਪੇ ਤੋਂ ਬਾਹਰ ਹੋਏ ਮਾਪਿਆਂ ਨੂੰ ਦੰਦਲਾਂ ਅਤੇ ਦੌਰੇ ਤੱਕ ਪੈ ਗਏ। ਦੁੱਖ ਦੀ ਇਸ ਘੜੀ 'ਚ ਕਸਬੇ ਦੇ ਸੈਂਕੜੇ ਲੋਕ ਪਰਿਵਾਰ ਨਾਲ ਹਮਦਰਦੀ ਵਜੋਂ ਰਾਮਬਾਗ 'ਚ ਪੁੱਜੇ।
ਹਾਦਸੇ 'ਚ ਮਾਰੇ ਗਏ ਬੱਚੇ ਕਮਲਪ੍ਰੀਤ ਕੌਰ, ਸਿਮਰਜੀਤ ਸਿੰਘ, ਨਵਜੋਤ ਕੌਰ ਅਤੇ ਅਰਾਧਿਆ ਦੇ ਫੁੱਲ ਚੁਗਣ ਦੀ ਰਸਮ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਈ। ਸਮੂਹ ਸੰਗਤ ਦੇ ਫ਼ੈਸਲੇ ਅਨੁਸਾਰ ਚਾਰਾਂ ਬੱਚਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵਾਸਤੇ ਸ੍ਰੀ ਕੀਰਤਪੁਰ ਸਾਹਿਬ ਲਈ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਪੀੜਤ ਮੈਂਬਰਾਂ ਅਤੇ ਲੋਕਾਂ ਨੇ ਸੇਜ਼ਲ ਅੱਖਾਂ ਨਾਲ ਮਾਸੂਮ ਬੱਚਿਆਂ ਨੂੰ ਹੱਥ ਜੋੜ ਕੇ ਆਖ਼ਰੀ ਅਲਵਿਦਾ ਕਹੀ। ਇਨ੍ਹਾਂ ਲੋਕਾਂ ਦੇ ਦਿਲ ਦੀ ਆਵਾਜ਼ ਸ਼ਾਇਦ ਇਹੋ ਹੀ ਕਹਿ ਰਹੀ ਸੀ ਕਿ ਮੁਆਫ਼ ਕਰਨਾ ਬੱਚਿਓ ਅਸੀਂ ਤੁਹਾਨੂੰ ਬਚਾ ਨਹੀਂ ਸਕੇ।