ਛੁੱਟੀਆਂ ਤੋਂ ਬਾਅਦ ਖੁੱਲ੍ਹੇ ਸਰਕਾਰੀ ਸਕੂਲਾਂ ''ਚ ਵਿਦਿਆਰਥੀਆਂ ਦੀ ਗਿਣਤੀ ਨਾਮਾਤਰ
Sunday, Jul 02, 2017 - 07:47 AM (IST)

ਗਿੱਦੜਬਾਹਾ (ਕੁਲਭੂਸ਼ਨ) - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਰਾਜ ਦੇ ਸਾਰੇ ਸਰਕਾਰੀ ਸਕੂਲ ਮੁੜ ਖੁੱਲ੍ਹ ਗਏ ਹਨ ਪਰ ਛੁੱਟੀਆਂ ਉਪਰੰਤ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਘੱਟ ਗਿਣਤੀ ਚਿੰਤਾ ਦਾ ਵਿਸ਼ਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਗਿੱਦੜਬਾਹਾ ਦੇ ਨੇੜਲੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਜਿਥੇ ਵਿਦਿਆਰਥੀਆਂ ਦੀ ਗਿਣਤੀ ਬੇਹੱਦ ਘੱਟ ਸੀ। ਸਰਕਾਰੀ ਮਿਡਲ ਸਕੂਲ ਬੁਬਾਣੀਆਂ ਵਿਖੇ ਕੁਲ 78 'ਚੋਂ ਅੱਜ ਸਿਰਫ 5 ਵਿਦਿਆਰਥੀ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਹੁਸਨਰ 'ਚ 329 'ਚੋਂ 85 ਵਿਦਿਆਰਥੀ ਤੇ ਸਰਕਾਰੀ ਹਾਈ ਸਕੂਲ ਹੁਸਨਰ ਵਿਚ 502 'ਚੋਂ 164 ਵਿਦਿਆਰਥੀ ਹੀ ਹਾਜ਼ਰ ਸਨ। ਇਨ੍ਹਾਂ ਸਕੂਲਾਂ ਤੋਂ ਇਲਾਵਾ ਸਭ ਤੋਂ ਮੰਦਾ ਹਾਲ ਸਰਕਾਰੀ ਮਿਡਲ ਸਕੂਲ ਘੱਗਾ ਦਾ ਸੀ, ਜਿਸ ਵਿਚ 108 ਵਿਚੋਂ ਸਿਰਫ 4 ਹੀ ਵਿਦਿਆਰਥੀ ਹਾਜ਼ਰ ਸਨ। ਸਰਕਾਰੀ ਪ੍ਰਾਇਮਰੀ ਸਕੂਲ ਬੁਬਾਣੀਆਂ ਵਿਚ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ 50 ਦੇ ਕਰੀਬ ਰਹੀ, ਜਦਕਿ ਇਥੇ ਕੁਲ 109 ਵਿਦਿਆਰਥੀ ਪੜ੍ਹਾਈ ਕਰਦੇ ਹਨ। ਇਨ੍ਹਾਂ ਸਕੂਲਾਂ ਵਿਚ ਜਿਥੇ ਸਫਾਈ ਆਦਿ ਦੇ ਵਧੀਆ ਪ੍ਰਬੰਧ ਸਨ, ਉਥੇ ਹੀ ਸਰਕਾਰੀ ਮਿਡਲ ਸਕੂਲ ਪਿੰਡ ਘੱਗਾ ਵਿਚ ਅੱਜ ਹਾਜ਼ਰ ਵਿਦਿਆਰਥੀਆਂ ਤੋਂ ਜ਼ਿਆਦਾ ਗਿਣਤੀ ਬੇਸਹਾਰਾ ਪਸ਼ੂਆਂ ਦੀ ਸੀ, ਜਦਕਿ ਸਕੂਲ ਦੇ ਇਕ ਕਮਰੇ ਵਿਚ ਸਿਰਫ ਇਕ ਸਕੂਲੀ ਬੈਗ ਨੂੰ ਹਵਾ ਦੇਣ ਲਈ 2-2 ਪੱਖੇ ਚੱਲ ਰਹੇ ਸਨ। ਸਕੂਲ ਦੇ ਗਰਾਊਂਡ ਵਿਚ ਘੁੰਮਦੇ ਬੇਸਹਾਰਾ ਪਸ਼ੂਆਂ ਬਾਰੇ ਸਕੂਲ ਦੇ ਮੁੱਖ ਅਧਿਆਪਕ ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੀ ਬਾਊਂਡਰੀ ਵਾਲ ਟੁੱਟੀ ਹੋਈ ਹੈ, ਜਿਸ ਕਾਰਨ ਬੇਸਹਾਰਾ ਪਸ਼ੂ ਸਕੂਲ ਵਿਚ ਦਾਖਲ ਹੋ ਜਾਂਦੇ ਹਨ ਅਤੇ ਜਿਥੋਂ ਤੱਕ ਇਨ੍ਹਾਂ ਨੂੰ ਬਾਹਰ ਕੱਢਣ ਦਾ ਸਵਾਲ ਹੈ ਉਨ੍ਹਾਂ ਕੋਲ ਕੋਈ ਵੀ ਦਰਜਾ ਚਾਰ ਕਰਮਚਾਰੀ ਨਹੀਂ ਹੈ ਅਤੇ ਅਧਿਆਪਕ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਜਾਂ ਫਿਰ ਬੇਸਹਾਰਾ ਪਸ਼ੂਆਂ ਨੂੰ ਬਾਹਰ ਕੱਢਣ। ਸਕੂਲ ਵਿਚ ਇਸ ਤਰ੍ਹਾਂ ਘੁੰਮਦੇ ਬੇਸਹਾਰਾ ਪਸ਼ੂ ਕਿਸੇ ਵੀ ਸਮੇਂ ਵਿਦਿਆਰਥੀਆਂ ਦਾ ਨੁਕਸਾਨ ਕਰ ਸਕਦੇ ਹਨ। ਅਜਿਹੇ ਵਿਚ ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਕੋਈ ਪੱਕਾ ਇੰਤਜ਼ਾਮ ਕਰੇ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਅੱਜ ਦੇ ਦਿਨ ਵਿਦਿਆਰਥੀਆਂ ਦੀ ਘੱਟ ਗਿਣਤੀ ਸਬੰਧੀ ਉਕਤ ਸਕੂਲਾਂ ਦੇ ਮੁੱਖ ਅਧਿਆਪਕਾਂ ਨੇ ਲਗਭਗ ਇਕ ਤਰ੍ਹਾਂ ਦਾ ਜਵਾਬ ਦਿੱਤਾ ਕਿ ਸਕੂਲ ਖੁੱਲ੍ਹਣ ਬਾਰੇ ਉਨ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਦਿੱਤੀ ਸੀ ਪਰ ਫਿਰ ਵੀ ਵਿਦਿਆਰਥੀ ਹਾਜ਼ਰ ਨਹੀਂ ਹੋਏ, ਜਦਕਿ ਇਕ ਸਕੂਲ ਦੇ ਮੁਖੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਰਕਾਰ ਨੂੰ ਸਕੂਲ ਖੁੱਲ੍ਹਣ ਦੀ ਤਾਰੀਖ ਪ੍ਰਾਈਵੇਟ ਸਕੂਲ ਦੀ ਤਰ੍ਹਾਂ 3 ਜੁਲਾਈ ਰੱਖਣੀ ਚਾਹੀਦੀ ਸੀ ਕਿਉਂਕਿ 1 ਜੁਲਾਈ ਨੂੰ ਸ਼ਨੀਵਾਰ ਅਤੇ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਣ ਕਾਰਨ ਵੀ ਬਹੁਤੇ ਵਿਦਿਆਰਥੀ ਅੱਜ ਸਕੂਲਾਂ ਵਿਚ ਨਹੀਂ ਪੁੱਜੇ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੀ ਹਾਜ਼ਰੀ ਰੋਜ਼ਾਨਾ ਦੀ ਤਰ੍ਹਾਂ ਹੋਣ ਵਿਚ ਅਜੇ ਵੀ 5-6 ਦਿਨ ਲੱਗਣਗੇ।