ਸਕੂਲ ਸਿੱਖਿਆ ਮਹਿਕਮੇ ਵੱਲੋਂ ਲਾਈਬ੍ਰੇਰੀਆਂ ਵਾਸਤੇ ਪੁਸਤਕਾਂ ਖਰੀਦਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

Wednesday, Mar 03, 2021 - 03:29 PM (IST)

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਲਾਈਬ੍ਰੇਰੀਆਂ ਲਈ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ’ਤੇ ਕਮੇਟੀਆਂ ਬਣਾਉਣ ਅਤੇ ਮਾਹਿਰ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਦੇ ਅਨੁਸਾਰ ਲਾਈਬ੍ਰੇਰੀਆਂ ਲਈ ਪੁਸਤਕਾਂ ਦੀ ਖ਼ਰੀਦ ਦੇ ਮਕਸਦ ਨਾਲ ਉੱਘੇ ਸਾਹਿਤਕਾਰ ਡਾ. ਆਤਮਜੀਤ ਦੀ ਅਗਵਾਈ 'ਚ ਸਾਹਿਤਕਾਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਇਸ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ ’ਤੇ ਸਕੂਲਾਂ ਨੂੰ ਨਵੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਬੁਲਾਰੇ ਅਨੁਸਾਰ ਕਿਤਾਬਾਂ ਦੀ ਖ਼ਰੀਦ ਲਈ ਸਕੂਲ ਪੱਧਰ ’ਤੇ ਕਮੇਟੀਆਂ ਬਣਾਉਣ ਅਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ ਕੀਤੀਆਂ ਕਿਤਾਬਾਂ 'ਚੋਂ ਹੀ ਖ਼ਰੀਦ ਕਰਨ ਤੋਂ ਇਲਾਵਾ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ, ਜਾਂ ਬੋਲੀਆਂ ਆਧਾਰਿਤ ਵਧੇਰੇ ਪੁਸਤਕਾਂ ਖਰੀਦਣ ਲਈ ਨਿਰਦੇਸ਼ ਦਿੱਤੇ ਗਏ ਹਨ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ 'ਚ ਪੜ੍ਹਨ ਦੀ ਆਦਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਸ ਪਾਸੇ ਵੱਲ ਆਕਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖ਼ਰੀਦ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।

ਸਰਕਾਰੀ ਪਬਲਿਸ਼ਰ ਰਾਹੀਂ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨ੍ਹਾਂ ਦੀ ਨੀਤੀ ਅਨੁਸਾਰ ਡਿਸਕਾਊਂਟ ਲੈਣ, ਨੈਸ਼ਨਲ ਬੁੱਕ ਟਰੱਸਟ ਤੋਂ ਖ਼ਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫ਼ੀਸਦੀ ਅਤੇ ਨਿੱਜੀ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫ਼ੀਸਦੀ ਡਿਸਕਾਊਂਟ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲਾਂ ਨੂੰ ਨਵੀਂਆਂ ਪੁਸਤਕਾਂ ਹੀ ਖ਼ਰੀਦਣ ਲਈ ਹੀ ਆਖਿਆ ਗਿਆ ਹੈ।   
 


Babita

Content Editor

Related News