ਲੁਧਿਆਣਾ : ਸਕੂਲ ਬੱਸ ਦੇ ਡਰਾਈਵਰ ਵਲੋਂ ਮਾਸੂਮ ਬੱਚੀ ਨਾਲ ਦੁਸ਼ਕਰਮ ਦੀ ਕੋਸ਼ਿਸ਼ (ਵੀਡੀਓ)
Thursday, Sep 12, 2019 - 10:07 AM (IST)
ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਇਕ ਨਿਜੀ ਸਕੂਲ ਬੱਸ ਦੇ ਡਰਾਈਵਰ ਵਲੋਂ 4 ਸਾਲਾਂ ਦੀ ਬੱਚੀ ਨੂੰ ਨਸ਼ੀਲੀ ਦਵਾਈ ਦੇ ਕੇ ਉਸ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਰੇ ਜਦੋਂ ਬੱਚੀ ਨੇ ਘਰ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਨੇ ਸਕੂਲ ਪਹੁੰਚ ਕੇ ਪ੍ਰਿੰਸੀਪਲ ਨਾਲ ਇਸ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਿੰਸੀਪਲ ਨੇ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ। ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਜਦੋਂ ਮੁੱਲਾਂਪੁਰ ਦਾਖਾਂ ਥਾਣੇ ਦੇ ਐੱਸ. ਐੱਚ. ਓ. ਨੂੰ ਵੀ ਇਸ ਬਾਰੇ ਸ਼ਿਕਾਇਤ ਦਰਜ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਵੀ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੀੜਤ ਬੱਚੀ ਦੀ ਮਾਂ ਨੇ ਮੀਡੀਆ ਤੱਕ ਪਹੁੰਚ ਕੀਤੀ ਅਤੇ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਹੋਰਾਂ ਬੱਚਿਆਂ ਦੇ ਮਾਪਿਆਂ ਨੇ ਵੀ ਪੀੜਤ ਬੱਚੀ ਦੀ ਮਾਂ ਦਾ ਪੂਰਾ ਸਹਿਯੋਗ ਦਿੱਤਾ ਅਤੇ ਸਕੂਲ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਕੂਲ ਅੰਦਰ ਭੰਨ-ਤੋੜ ਵੀ ਕੀਤੀ ਗਈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਬੱਚੀ ਦੀ ਮਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜਿਹੀਆਂ ਘਟਨਾਵਾਂ ਹੀ ਛੋਟੇ ਬੱਚਿਆਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ ਅਤੇ ਮਾਪਿਆਂ ਨੂੰ ਚਿੰਤਾ 'ਚ ਪਾਉਂਦੀਆਂ ਹਨ ਕਿ ਆਖਰ ਬੱਚੇ ਕਿਤੇ ਵੀ ਸੁਰੱਖਿਅਤ ਨਹੀਂ ਹਨ। ਪੁਲਸ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਚ ਕਰਕੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਅੱਗੇ ਤੋਂ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੇ ਮਨ 'ਚ ਡਰ ਪੈਦਾ ਹੋ ਸਕੇ।