ਕਿੱਦਾਂ ਕਰੀਏ ਪੜ੍ਹਾਈ ਸਕੂਲਾਂ ਦੀਆਂ ਛੱਤਾਂ ਚੋਂਦੀਆਂ, ਕਲਾਸਾਂ ''ਚ ਭਰਿਆ ਪਾਣੀ
Tuesday, Jul 16, 2019 - 05:56 PM (IST)

ਖਰੜ (ਅਮਰਦੀਪ) : ਇਕ ਪਾਸੇ ਤਾਂ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦਾ ਮਿਆਰ ਉਚਾ ਚੁੱਕਣ ਦੀਆਂ ਗੱਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਬੱਚੇ ਬਰਸਾਤ ਦੇ ਮੌਸਮ ਵਿਚ ਚੋਂਦੀਆਂ ਛੱਤਾਂ ਹੇਠ ਬੈਠਣ ਲਈ ਮਜਬੂਰ ਹੋ ਰਹੇ ਹਨ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇੱਥੋਂ ਦੇ ਨਜ਼ਦੀਕੀ ਪਿੰਡ ਪੱਤੋਂ ਦੇ ਸਰਕਾਰੀ ਸਕੂਲ ਦੀ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਕਾਰਨ ਸਕੂਲ ਦੇ ਕਮਰੇ ਦੀਆਂ ਛੱਤਾਂ ਟਿਪ-ਟਿਪ ਕਰ ਰਹੀਆਂ ਹਨ।
ਅਧਿਆਪਕ ਅਤੇ ਬੱਚੇ ਕਮਰਿਆਂ ਵਿਚ ਬੈਠ ਨਹੀਂ ਸਕਦੇ। ਸਕੂਲ ਦੇ ਬਾਹਰ ਪਾਣੀ ਨੇ ਤਲਾਬ ਦਾ ਰੂਪ ਧਾਰਨ ਕੀਤਾ ਹੋਇਆ ਹੈ। ਸਕੂਲ ਦੀਆਂ ਸਾਰੀਆਂ ਕੰਧਾਂ ਸਲਾਬੀਆਂ ਹੋਈਆਂ ਹਨ ਅਤੇ ਕੰਧਾਂ ਵਿਚ ਕਰੰਟ ਆਉਣ ਦਾ ਡਰ ਵੀ ਬਣਿਆ ਹੋਇਆ ਹੈ। ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਕੇ. ਕੇ. ਸ਼ਰਮਾ, ਸਮਾਜ ਸੇਵੀ ਆਗੂ ਪਰਵਿੰਦਰ ਸਿੰਘ ਬੌਗੀ ਸੈਣੀ ਨੇ ਪੁਰਜੋਰ ਮੰਗ ਕੀਤੀ ਹੈ ਕਿ ਸਰਕਾਰੀ ਸਕੂਲ ਪੱਤੋਂ ਦੀ ਇਮਾਰਤ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿ ਵਿਦਿਆਰਥੀ ਪੜ੍ਹਾਈ ਕਰ ਸਕਣ।