ਸਹਿਕਾਰੀ ਸਭਾ ਬਾਜਾਚੱਕ ''ਚ 8, 47, 018 ਰੁਪਏ ਦਾ ਘਪਲਾ

Thursday, Aug 24, 2017 - 01:22 AM (IST)

ਸਹਿਕਾਰੀ ਸਭਾ ਬਾਜਾਚੱਕ ''ਚ 8, 47, 018 ਰੁਪਏ ਦਾ ਘਪਲਾ

ਦਸੂਹਾ,  (ਝਾਵਰ)-  ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦਸੂਹਾ ਅਧੀਨ ਬਾਜਾਚੱਕ ਬਹੁਮੰਤਵੀ ਸਹਿਕਾਰੀ ਸਭਾ 'ਚ 8 ਲੱਖ 47,018 ਰੁਪਏ ਦੇ ਕੀਤੇ ਗਏ ਗਬਨ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਕੇਸ ਦਰਜ ਕਰਨ ਸਬੰਧੀ ਸ਼ਿਕਾਇਤ ਦਫ਼ਤਰ ਦੇ ਪੱਤਰ ਨੰ. 1289 ਮਿਤੀ 1 ਜੂਨ 2017 ਅਧੀਨ ਕੀਤੀ ਗਈ ਹੈ। 
ਗੱਲਬਾਤ ਕਰਦਿਆਂ ਪ੍ਰਭਾਵਿਤ ਸਹਿਕਾਰੀ ਸਭਾ ਦੇ ਮੈਂਬਰ ਸੁਰਿੰਦਰ ਸਿੰਘ ਬਾਜਾਚੱਕ, ਤਰਲੋਕ ਸਿੰਘ ਹਿੰਮਤਪੁਰ, ਚਤਰ ਸਿੰਘ ਦੇਵੀਦਾਸ, ਮਨਪ੍ਰੀਤ ਸਿੰਘ ਦੇਵੀਦਾਸ, ਸਰਵਣ ਸਿੰਘ, ਮਨਜੀਤ ਸਿੰਘ, ਰਘਵੀਰ ਸਿੰਘ ਨੇ ਦੱਸਿਆ ਕਿ ਉਹ ਇਸ ਸਭਾ ਦੇ ਸਕੱਤਰ ਕਰਮਜੀਤ ਸਿੰਘ ਕੋਲ ਆਪਣੀਆਂ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾ ਕਰਵਾਉਂਦੇ ਰਹੇ ਪਰ ਉਸ ਨੇ ਰੋਕੜ 'ਚ ਪੈਸੇ ਜਮ੍ਹਾ ਨਹੀਂ ਕੀਤੇ। ਉਨ੍ਹਾਂ ਮੌਕੇ 'ਤੇ ਏ. ਆਰ. ਦਸੂਹਾ ਸੁਖਵੰਤ ਸਿੰਘ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਨਾਲ 8,47,018 ਰੁਪਏ ਦਾ ਫਰਾਡ ਹੋਇਆ ਹੈ। 
ਕੀ ਕਹਿੰਦੇ ਹਨ ਸਹਿਕਾਰੀ ਸਭਾ ਦੇ ਇੰਸਪੈਕਟਰ : ਇਸ ਸਬੰਧੀ ਸਹਿਕਾਰੀ ਸਭਾ ਦੇ ਸਰਕਲ ਇੰਸਪੈਕਟਰ ਯੁੱਧਵੀਰ ਸਿੰਘ ਨੇ ਦੱਸਿਆ ਕਿ ਏ. ਆਰ. ਦਸੂਹਾ ਵੱਲੋਂ ਉਸ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਅਤੇ ਇਸ ਜਾਂਚ 'ਚ ਸਬੰਧਿਤ ਸਕੱਤਰ ਕਰਮਜੀਤ ਸਿੰਘ ਵੱਲੋਂ ਕੀਤੇ ਇਸ ਫਰਾਡ ਦੀ ਪੁਸ਼ਟੀ ਹੋਈ ਕਿ ਸਕੱਤਰ ਨੇ ਮੈਂਬਰਾਂ ਦੀਆਂ ਪਾਸ ਬੁੱਕਾਂ 'ਚ ਤਾਂ ਪੈਸਿਆਂ ਦੀ ਐਂਟਰੀ ਕਰ ਦਿੱਤੀ ਪਰ ਇਹ ਪੈਸੇ ਨਾ ਤਾਂ ਰੋਕੜ 'ਚ ਦਿੱਤੇ ਨਾ ਹੀ ਬੈਂਕ 'ਚ ਜਮ੍ਹਾ ਕਰਵਾਏ। 
ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਸਭਾ ਦੇ ਮੈਂਬਰ ਕਰਮਜੀਤ ਸਿੰਘ ਨੂੰ ਮਹਿਕਮੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗਬਨ ਦਾ ਕੇਸ ਦਰਜ ਕਰਨ ਲਈ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਜਿਨ੍ਹਾਂ ਨੇ ਇਸ ਕੇਸ ਨੂੰ ਡੀ. ਐੱਸ. ਪੀ. ਰਜਿੰਦਰ ਸ਼ਰਮਾ ਨੂੰ ਮਾਰਕ ਕਰ ਦਿੱਤਾ। 
ਕੀ ਕਹਿਣਾ ਹੈ ਡੀ. ਐੱਸ. ਪੀ. ਦਾ : ਜਦੋਂ ਡੀ. ਐੱਸ. ਪੀ. ਦਸੂਹਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕੇਸ ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ। ਥਾਣਾ ਮੁਖੀ ਅਨੁਸਾਰ ਇਸ ਫਰਾਡ ਕੇਸ ਦੀ ਜਾਂਚ ਏ. ਐੱਸ. ਆਈ. ਰਵਿੰਦਰ ਸਿੰਘ ਨੂੰ ਸੌਂਪੀ ਗਈ ਹੈ ਜਦਕਿ ਇਸ ਸਬੰਧੀ ਸਕੱਤਰ ਨੂੰ ਹੁਕਮ ਜਾਰੀ ਕੀਤੇ ਗਏ ਹਨ। 
ਸਭਾ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਬਾਜਾਚੱਕ ਤੇ ਹੋਰਨਾਂ ਮੈਂਬਰਾਂ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਇਹ ਕੇਸ ਬਿਨਾਂ ਕਿਸੇ ਦੇਰੀ ਦੇ ਦਰਜ ਕੀਤਾ ਜਾਵੇ ਤਾਂ ਕਿ ਸਬੰਧਿਤ ਸਕੱਤਰ ਵਿਦੇਸ਼ ਭੱਜਣ 'ਚ ਕਾਮਯਾਬ ਨਾ ਹੋ ਸਕੇ।


Related News