ਪੰਜਾਬ ਦੇ ਸਾਬਕਾ ਮੰਤਰੀ ਦੇ ਖ਼ੁਲਾਸੇ ਪਿੱਛੋਂ 1178 ਕਰੋੜ ਦੇ ਘਪਲੇ ਦੀ ਜਾਂਚ ਸ਼ੁਰੂ, ਜਾਣੋ ਪੂਰਾ ਮਾਮਲਾ

07/01/2022 2:00:54 PM

ਚੰਡੀਗੜ੍ਹ : ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਖੇਤੀਬਾੜੀ ਵਿਭਾਗ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀ. ਆਰ. ਐੱਮ.) ਦੀ ਖ਼ਰੀਦ ਨਾਲ ਜੁੜੇ 1178 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ 8 ਮਾਰਚ, 2022 ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਚਿੱਠੀ ਲਿਖੀ ਸੀ, ਜਿਸ 'ਚ ਉਨ੍ਹਾਂ ਨੇ 1178 ਕਰੋੜ ਰੁਪਏ ਦੇ ਇਸ ਘਪਲੇ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਸੀ। ਸੂਬਾ ਸਰਕਾਰ ਨੇ ਇਸ ਮਾਮਲੇ 'ਚ ਖੇਤੀਬਾੜੀ ਅਧਿਕਾਰੀਆਂ ਨੂੰ ਘਪਲੇ ਨਾਲ ਸਬੰਧਿਤ ਰਿਕਾਰਡ ਸਮੇਤ ਤਿਆਰ ਰਹਿਣ ਲਈ ਕਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ 'ਚ 'ਮਾਨਸੂਨ' ਦੀ ਧਮਾਕੇਦਾਰ ਐਂਟਰੀ, ਅਜੇ ਪੈਂਦਾ ਰਹੇਗਾ ਮੀਂਹ
ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਭਖ ਗਿਆ, ਜਦੋਂ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਬੀਤੀ 8 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਘਪਲੇ ਬਾਰੇ ਜਾਣੂੰ ਕਰਵਾਇਆ ਸੀ। ਸਾਬਕਾ ਮੰਤਰੀ ਨੇ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਮੰਤਰੀ ਨੇ ਕਿਹਾ ਸੀ ਕਿ ਜਿਸ ਮਸ਼ੀਨਰੀ ਦਾ ਜ਼ਿਕਰ ਦਸਤਾਵੇਜ਼ਾਂ 'ਚ ਕੀਤਾ ਗਿਆ ਸੀ, ਉਹ ਜ਼ਮੀਨ 'ਤੇ ਕਿਤੇ ਨਜ਼ਰ ਨਹੀਂ ਆਈ। ਰਣਦੀਪ ਸਿੰਘ ਨਾਭਾ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਜ਼ਿਕਰ ਕੀਤਾ ਗਿਆ ਸੀ ਕਿ ਇਹ ਰਾਸ਼ੀ ਗਬਨ ਕੀਤੀ ਗਈ ਹੈ।

ਇਹ ਵੀ ਪੜ੍ਹੋ : PSEB 10ਵੀਂ ਤੇ CBSE ਦੇ 10ਵੀਂ, 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਜਾਰੀ ਹੋਣਗੇ ਨਤੀਜੇ

ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਮੈਂ ਮਹਿਕਮੇ ਦਾ ਚਾਰਜ ਸੰਭਾਲਿਆ ਤਾਂ ਸਾਹਮਣੇ ਆਇਆ ਕਿ ਭਾਰਤ ਸਰਕਾਰ ਨੇ ਸੀ. ਆਰ. ਐੱਮ. ਸਕੀਮ ਤਹਿਤ 1178.47 ਕਰੋੜ ਰੁਪਏ ਭੇਜੇ ਸਨ। ਇਹ ਰਾਸ਼ੀ ਸਾਲ 2018-19 ਤੋਂ ਲੈ ਕੇ 2021-22 ਤੱਕ ਭੇਜੀ ਗਈ ਸੀ। ਰਣਦੀਪ ਸਿੰਘ ਨਾਭਾ ਨੇ ਕਿਹਾ ਸੀ ਕਿ ਇਸ ਸਬੰਧੀ ਵਿੱਤ ਕਮਿਸ਼ਨਰ (ਖੇਤੀਬਾੜੀ) ਨੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਰਣਦੀਪ ਸਿੰਘ ਨਾਭਾ ਨੇ ਚੰਨੀ ਸਰਕਾਰ ਨੂੰ ਵੀ ਇਸ ਬਾਰੇ ਜਾਣੂੰ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਹੁਣ ਈ. ਡੀ. ਵੱਲੋਂ ਇਸ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਦੇਸ਼ ਬੈਠਾ ਗੈਂਗਸਟਰ ਮੰਗ ਰਿਹਾ ਸੀ 3 ਕਰੋੜ ਦੀ ਫ਼ਿਰੌਤੀ, ਹਥਿਆਰਾਂ ਸਣੇ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News