ਐਕਸਿਸ ਬੈਂਕ ਬੇਗੋਵਾਲ ''ਚ 2 ਕਰੋੜ 56 ਲੱਖ ਦਾ ਘਪਲਾ, 2 ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ
Friday, Sep 02, 2022 - 04:11 AM (IST)
ਬੇਗੋਵਾਲ (ਰਜਿੰਦਰ) : ਬੇਗੋਵਾਲ 'ਚ ਨਿੱਜੀ ਖੇਤਰ ਦੇ ਐਕਸਿਸ ਬੈਂਕ ਵਿੱਚ 2 ਕਰੋੜ 56 ਲੱਖ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬੇਗੋਵਾਲ ਪੁਲਸ ਵੱਲੋਂ 2 ਬੈਂਕ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਐਕਸਿਸ ਬੈਂਕ ਦੇ ਕਲੱਸਟਰ ਹੈੱਡ ਕਪੂਰਥਲਾ ਹਰਪਿੰਦਰ ਸਿੰਘ ਪੁੱਤਰ ਗੁਲਜ਼ਾਰ ਸਿੰਘ ਵੱਲੋਂ ਪਿਛਲੇ ਦਿਨੀਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਬੇਗੋਵਾਲ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ ਹੈ, ਜਿੱਥੇ ਬੈਂਕ ਦੇ 2 ਕਰਮਚਾਰੀਆਂ ਨਿਤੇਸ਼ ਪੁੱਤਰ ਸਤੀਸ਼ ਕੁਮਾਰ ਵਾਸੀ ਦਸੂਹਾ ਤੇ ਰਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੇਗੋਵਾਲ ਨੇ 2 ਕਰੋੜ 19 ਲੱਖ 21 ਹਜ਼ਾਰ 110 ਰੁਪਏ ਦੀ ਨਕਦੀ ਅਤੇ ਬੈਂਕ 'ਚ ਪਏ ਸੋਨੇ ਦੇ 4 ਪੈਕੇਟਾਂ ਦਾ ਘਪਲਾ ਕੀਤਾ ਹੈ।
ਇਨ੍ਹਾਂ ਪੈਕੇਟਾਂ ਵਿਚਲੇ ਸੋਨੇ ਦੀ ਕੀਮਤ 37 ਲੱਖ 12 ਹਜ਼ਾਰ 80 ਰੁਪਏ ਹੈ। ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸੋਨਾ ਦੇ ਪੈਕੇਟ ਗੋਲਡ ਲੋਨ ਵਾਲੇ ਸਨ। ਉਕਤ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਬੇਗੋਵਾਲ ਦੀ ਪੁਲਸ ਨੇ ਦੋਵੇਂ ਬੈਂਕ ਕਰਮਚਾਰੀਆਂ ਖ਼ਿਲਾਫ਼ ਨਕਦੀ ਤੇ ਸੋਨੇ ਦੀ ਕੀਮਤ ਮਿਲਾ ਕੇ 2 ਕਰੋੜ 56 ਲੱਖ 33 ਹਜ਼ਾਰ 190 ਰੁਪਏ ਦੇ ਘਪਲੇ ਸਬੰਧੀ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੀ 'ਹਵੇਲੀ' ਪਹੁੰਚੇ ਸੁਖਬੀਰ ਬਾਦਲ, ਟਿੱਕੀ ਦਾ ਲਿਆ ਸੁਆਦ ਤੇ ਲੋਕਾਂ ਨਾਲ ਲਈਆਂ ਸੈਲਫੀਆਂ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ : ਡੀ. ਐੱਸ. ਪੀ.
ਦੂਜੇ ਪਾਸੇ ਇਸ ਸਬੰਧੀ ਜਦੋਂ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਪੁਲਸ ਪੂਰੀ ਮੁਸਤੈਦੀ ਨਾਲ ਲੱਗੀ ਹੋਈ ਹੈ।
ਘਪਲੇ ਦੀ ਰਕਮ ਦੇ ਹੋਰ ਵਧਣ ਦੇ ਆਸਾਰ
ਦੱਸਣਯੋਗ ਹੈ ਕਿ ਇਸ ਘਪਲੇ ਸਬੰਧੀ ਬੇਗੋਵਾਲ ਸ਼ਹਿਰ 'ਚ 25 ਅਗਸਤ ਨੂੰ ਰੌਲਾ ਪੈ ਗਿਆ ਸੀ। ਇਸ ਦੌਰਾਨ ਬੈਂਕ ਦੇ ਸੀਨੀਅਰ ਅਧਿਕਾਰੀ ਤੇ ਆਡਿਟਿੰਗ ਟੀਮ ਵੀ ਬੈਂਕ ਪਹੁੰਚੀ ਹੋਈ ਸੀ, ਜਿਨ੍ਹਾਂ ਵੱਲੋਂ ਬੈਂਕ ਦੇ ਅੰਦਰ ਪੂਰੀ ਜਾਂਚ-ਪੜਤਾਲ ਕੀਤੀ ਗਈ। ਇਸੇ ਦੌਰਾਨ ਪਿਛਲੇ ਦਿਨਾਂ ਤੋਂ ਲੋਕ ਵੀ ਬੈਂਕ 'ਚ ਆ ਕੇ ਆਪਣੇ ਖਾਤਿਆਂ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ। ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਲੇ ਵੀ ਬੈਂਕ ਦੇ ਸਾਰੇ ਖਾਤਿਆਂ ਦੀ ਜਾਂਚ ਜਾਰੀ ਹੈ ਤੇ ਇਸ ਘਪਲੇ ਦੀ ਰਕਮ ਦੇ ਹੋਰ ਜ਼ਿਆਦਾ ਵਧਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ...ਤੇ ਹੁਣ ਜੌੜੇਮਾਜਰਾ ਨੇ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਦੀ ਕੀਤੀ ਚੈਕਿੰਗ, ਕਹੀਆਂ ਇਹ ਗੱਲਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।