ਸ਼ਨੀਵਾਰ ਰਿਹਾ ਪੁਲਸ ’ਤੇ ਭਾਰੀ, ਇਨਸਾਫ ਲਈ ਥਾਣੇ ਮੂਹਰੇ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
Sunday, Aug 05, 2018 - 05:15 AM (IST)
ਕਪੂਰਥਲਾ, (ਗੁਰਵਿੰਦਰ ਕੌਰ)- ਸ਼ਨੀਵਾਰ ਦਾ ਦਿਨ ਪੁਲਸ ’ਤੇ ਭਾਰੀ ਰਿਹਾ ਇਸ ਦੌਰਾਨ ਵੱਖ-ਵੱਖ ਮਾਮਲਿਆਂ ਦੇ ਸਬੰਧ ’ਚ ਪੁਲਸ ਦੀ ਕਿਰਕਿਰੀ ਹੋਈ। ਕਿਸੇ ਹੋਰ ਦੇ ਆਈ. ਡੀ. ਪਰੂਫਾਂ ’ਤੇ ਧੋਖੇ ਨਾਲ ਏ. ਸੀ. ਲੈਣ ਵਾਲਿਅਾਂ ਦੇ ਖਿਲਾਫ ਪੁਲਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਧਿਰ ਦੇ ਹੱਕ ’ਚ ਖਲੋਂਦਿਅਾਂ ਇਨਸਾਫ ਲਈ ਬਸਪਾ ਅੰਬੇਡਕਰ ਪਾਰਟੀ ਵਲੋਂ ਮਨੋਜ ਕੁਮਾਰ ਨਾਹਰ ਦੀ ਅਗਵਾਈ ’ਚ ਥਾਣਾ ਸਿਟੀ ਦੇ ਮੂਹਰੇ ਧਰਨਾ ਦਿੱਤਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ।
ਕੀ ਹੈ ਮਾਮਲਾ
ਇਸ ਮੌਕੇ ਜਾਣਕਾਰੀ ਦਿੰਦਿਅਾਂ ਮਨੋਜ ਕੁਮਾਰ ਨਾਹਰ ਨੇ ਦਸਿਆ ਕਿ ਪਿੰਡ ਚੂਹਡ਼ਵਾਲ ਦੇ ਵਾਸੀ ਸੰਦੀਪ ਕੁਮਾਰ ਤੋਂ ਪਿੰਡ ਦੇ ਹੀ ਕੁਝ ਬੰਦਿਆਂ ਨੇ ਕਿਸ਼ਤਾਂ ’ਤੇ ਕੂਲਰ ਦਿਵਾਉਣ ਦਾ ਕਹਿ ਕੇ ਉਸ ਦੇ ਆਈ. ਡੀ. ਪਰੂਫ ਤੇ ਹੋਰ ਦਸਤਾਵੇਜ ਲੈ ਲਏ ਸਨ। ਇਨ੍ਹਾਂ ਹੀ ਦਸਤਾਵੇਜਾਂ ਦੇ ਆਧਾਰ ’ਤੇ ਉਕਤ ਵਿਅਕਤੀਅਾਂ ਨੇ ਕਿਸ਼ਤਾਂ ’ਤੇ ਏ. ਸੀ. ਲੈ ਕੇ ਆਪਣੇ ਘਰ ਲਗਵਾ ਲਿਆ। ਜਿਸ ਸਬੰਧੀ ਪੀੜਤ ਧਿਰ ਵੱਲੋਂ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਲਗਭਗ ਇਕ ਮਹੀਨੇ ਦਾ ਸਮਾਂ ਲੰਘਣ ਤੋਂ ਬਾਅਦ ਵੀ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਤੇ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨੂੰ ਮਜਬੂਰਨ ਧਰਨਾ ਦੇਣਾ ਪੈ ਰਿਹਾ ਹੈ।
ਪੁਲਸ ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਲਗਭਗ 2 ਘੰਟੇ ਦੇ ਧਰਨੇ ਤੋਂ ਬਾਅਦ ਪੁਲਸ ਵਲੋਂ ਵਿਸ਼ਵਾਸ ਦਿਵਾਉਣ ’ਤੇ ਉਪਰੋਕਤ ਮਾਮਲੇ ਦੀ ਰਿਪੋਰਟ ਐੱਸ. ਐੱਸ. ਪੀ. ਕਪੂਰਥਲਾ ਨੂੰ ਭੇਜ ਕੇ 4-5 ਦਿਨਾਂ ਅੰਦਰ ਮੁਕੱਦਮਾ ਦਰਜ ਕੀਤਾ ਜਾਵੇਗਾ, ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।
ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ
ਇਸ ਮੌਕੇ ਮਨੋਜ ਕੁਮਾਰ ਨਾਹਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜ ਦਿਨਾਂ ਦੇ ਅੰਦਰ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਪਾਰਟੀ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਤਰਸੇਮ ਲਾਲ ਭੱਟੀ, ਸੂਰਜ ਕੁਮਾਰ, ਸੰਦੀਪ ਚੱਡਾ, ਰਮੇਸ਼ ਲਵ, ਬਲਦੇਵ ਘੁੱਗ ਬੇਟ, ਗੌਰਵ ਕੁਮਾਰ ਆਦਿ ਹਾਜ਼ਰ ਸਨ।
