ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਇਆ ਅਲਾਇੰਸ ਕਲੱਬ ਇੰਟਰਨੈਸ਼ਨਲ

Saturday, Jan 12, 2019 - 03:05 PM (IST)

ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਇਆ ਅਲਾਇੰਸ ਕਲੱਬ ਇੰਟਰਨੈਸ਼ਨਲ

ਕਪੂਰਥਲਾ/ਜਲੰਧਰ (ਰਵਿੰਦਰ)— ਪੰਜਾਬੀ ਫਿਲਮਾਂ ਦੇ ਅਮਿਤਾਭ ਬੱਚਣ ਕਹਾਉਣ ਵਾਲੇ ਪੰਜਾਬੀ ਫਿਲਮ ਕਲਾਕਾਰ ਸਤੀਸ਼ ਕੌਲ ਨੂੰ ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ 25 ਹਜ਼ਾਰ ਦੀ ਨਕਦ ਰਾਸ਼ੀ ਭੇਟ ਕੀਤੀ ਗਈ। ਦੱਸ ਦੇਈਏ ਕਿ ਸਤੀਸ਼ ਕੌਲ ਅੱਜਕਲ ਬੁਰੇ ਸਮੇਂ 'ਚੋਂ ਲੰਘ ਰਹੇ ਹਨ। ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ਇਹ ਰਾਸ਼ੀ ਵੀਰਵਾਰ ਨੂੰ ਸਤੀਸ਼ ਕੌਲ ਨੂੰ ਭੇਟ ਕੀਤੀ ਗਈ। ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਕਲੱਬ ਨੇ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਤ ਕੀਤਾ। 

ਅਲਾਇੰਸ ਕਲੱਬ ਫਗਵਾੜਾ ਸਰਵਿਸ ਦੇ ਪ੍ਰਧਾਨ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਾ ਕਿ ਸਤੀਸ਼ ਕੌਲ ਇਸ ਸਮੇਂ ਬੇਹੱਦ ਬੁਰੀ ਹਾਲਤ 'ਚੋ ਲੰਘ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਨਾ ਤਾਂ ਰਹਿਣ ਨੂੰ ਮਕਾਨ ਹੈ ਅਤੇ ਨਾ ਹੀ ਇਲਾਜ ਕਰਵਾਉਣ ਲਈ ਦਵਾਈ ਦੇ ਪੈਸੇ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਲੱਬ ਦੇ ਮੈਂਬਰਾਂ ਅਤੇ ਅਲਾਇੰਸ ਡਿਸਟ੍ਰਿਕਟ 128 ਐੱਨ. ਦੇ ਚਾਰਟਰਡ ਡਿਸਟ੍ਰਿਕਟ ਗਰਵਰਨ ਐਲੀ ਗੁਰਬਿੰਦਰ ਜੱਜ ਨਾਲ ਗੱਲਬਾਤ ਕਰਕੇ ਸਤੀਸ਼ ਕੌਲ ਦੀ ਆਰਥਿਕ ਮਦਦ ਕਰਨ ਦਾ ਫੈਸਲਾ ਕੀਤਾ। ਸਤੀਸ਼ ਕੌਲ ਦੀ ਭੈਣ ਸੱਤਿਆ ਦੇ ਘਰ ਲੁਧਿਆਣਾ ਜਾ ਕੇ ਡਿਸਟ੍ਰਿਕਟ 222 ਐੱਨ. ਦੇ ਗਵਰਨਰ ਬੀ. ਐੱਸ. ਜੰਡੂ, ਸੰਜੀਵ ਮੋਂਗਾ, ਵਿਪਨ ਹਾਂਡਾ ਦੇ ਨਾਲ 25 ਹਜ਼ਾਰ ਦੀ ਨਕਦੀ ਰਾਸ਼ੀ ਸਹਾਇਤਾ ਦੇ ਤੌਰ 'ਤੇ ਭੇਟ ਕੀਤੀ ਗਈ। 

ਮਿੱਤਲ ਨੇ ਕਿਹਾ ਕਿ ਇਹ ਬੇਹੱਦ ਦੁਖ ਦੀ ਗੱਲ ਹੈ ਕਿ ਆਪਣੇ ਸਮੇਂ ਦੇ ਮਸ਼ਹੂਰ ਸਿਤਾਰਿਆਂ ਨੂੰ ਬੁਢਾਪੇ 'ਚ ਇਸ ਤਰ੍ਹਾਂ ਦੇ ਦੁਖ ਝੱਲਣੇ ਪੈ ਰਹੇ ਹਨ। ਨਾ ਤਾਂ ਸਰਕਾਰ ਅਜਿਹੇ ਕਲਾਕਾਰਾਂ ਦੀ ਮਦਦ ਕਰਦੀ ਹੈ ਅਤੇ ਨਾ ਹੀ ਬਾਲੀਵੁੱਡ ਦੁਨੀਆ ਤੋਂ ਹੀ ਕੋਈ ਅੱਗੇ ਆਉਂਦਾ ਹੈ। ਸਰਕਾਰ ਅਜਿਹੇ ਲੋਕਾਂ ਲਈ ਇਕ ਅਨੁਦਾਨ ਰਾਸ਼ੀ ਸ਼ੁਰੂ ਕਰੇ ਅਤੇ ਆਪਣੇ ਪੱਧਰ 'ਤੇ ਸਤੀਸ਼ ਕੌਲ ਦੀ ਸੁੱਧ ਲਵੇ। ਮਿੱਤਲ ਨੇ ਸਹਾਇਤਾ ਰਾਸ਼ੀ 'ਚ ਯੋਗਦਾਨ ਲਈ ਗਵਰਨਰ ਅਨਿਲ ਕੁਮਾਰ, ਜੇ. ਐੱਸ. ਕੁੰਦਰੀ, ਰਾਕੇਸ਼ ਸ਼ਰਮਾ, ਹੇਮੰਤ ਸ਼ਰਮਾ, ਅਲਾਇੰਸ ਕਲੱਬ ਫਗਵਾੜਾ ਸਰਵਿਸ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।


Related News