ਅਕਾਲੀਆਂ ਦੇ ਮਾਰੇ ਫੱਟਾਂ ''ਤੇ ਕਾਂਗਰਸ ਸਰਕਾਰ ਵੀ ਨਹੀਂ ਲਾ ਸਕੀ ਮੱਲ੍ਹਮ (ਤਸਵੀਰਾਂ)

Wednesday, Aug 02, 2017 - 10:40 AM (IST)

ਅਕਾਲੀਆਂ ਦੇ ਮਾਰੇ ਫੱਟਾਂ ''ਤੇ ਕਾਂਗਰਸ ਸਰਕਾਰ ਵੀ ਨਹੀਂ ਲਾ ਸਕੀ ਮੱਲ੍ਹਮ (ਤਸਵੀਰਾਂ)

ਸ੍ਰੀ ਆਨੰਦਪੁਰ ਸਾਹਿਬ - ਸਰਵ ਸਿੱਖਿਆ ਅਭਿਆਨ ਤਹਿਤ ਪੰਜਾਬ 'ਚ ਪ੍ਰਾਇਮਰੀ ਸਕੂਲਾਂ 'ਚ ਡਿਊਟੀ ਨਿਭਾਅ ਰਹੀਆਂ 7600 ਵਲੰਟੀਅਰਾਂ 'ਚੋਂ ਸਿਰਫ ਜ਼ਿਲਾ ਰੂਪਨਗਰ ਦੀਆਂ 150 ਕਰਮਚਾਰੀਆਂ ਨੂੰ ਬਿਨਾਂ ਕਿਸੇ ਨੋਟਿਸ ਸਿਰਫ ਇਕ ਕਾਲ 'ਤੇ 2009-10 'ਚ ਫਾਰਗ ਕਰ ਦਿੱਤਾ ਗਿਆ ਸੀ। ਇਹ ਕਰਮਚਾਰੀ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਆਪਣੇ ਹੱਕਾਂ ਨੂੰ ਮੁੜ ਬਹਾਲ ਕਰਵਾਉਣ ਲਈ ਯਤਨਸ਼ੀਲ ਹਨ ਪਰ ਇਨ੍ਹਾਂ ਦੇ ਵਿੱਢੇ ਸੰਘਰਸ਼ ਨੂੰ ਬੂਰ ਨਹੀਂ ਪਿਆ। 
ਸਮੇਂ-ਸਮੇਂ ਦੌਰਾਨ ਸੱਤਾ ਵਿਰੋਧੀ ਸਿਆਸੀ ਧਿਰਾਂ ਇਨ੍ਹਾਂ ਦੇ ਸੰਘਰਸ਼ 'ਚ ਹਿੱਸਾ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਅਜੇ ਤੱਕ ਨਿਆਂ ਨਾ ਮਿਲਣ ਕਾਰਨ ਇਨ੍ਹਾਂ ਕਰਮਚਾਰੀਆਂ ਦੀ ਆਸ ਕੈਪਟਨ ਸਰਕਾਰ ਤੋਂ ਵੀ ਟੁੱਟ ਗਈ ਹੈ।

PunjabKesari
8 ਸਾਲਾਂ ਦੇ ਦੁਖਾਂਤਕ ਸੰਘਰਸ਼ 'ਤੇ ਇਕ ਝਾਤ
2009-10 'ਚ ਨੌਕਰੀ ਤੋਂ ਫਾਰਗ ਹੋਣ ਉਪਰੰਤ ਇਨ੍ਹਾਂ ਕਰਮਚਾਰੀਆਂ ਨੇ ਆਪਣੇ ਸੰਘਰਸ਼ ਦਾ ਮੁੱਢ ਬੰਨ੍ਹਿਆ। ਦਸੰਬਰ 2011 'ਚ ਮੁੱਖ ਮੰਤਰੀ ਦੇ ਤਤਕਾਲੀ ਸਿਆਸੀ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਨੇ ਸੰਨ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ ਕਰਮਚਾਰੀਆਂ ਤੋਂ ਇਹ ਕਹਿ ਕੇ ਹਮਾਇਤ ਮੰਗੀ ਕਿ ਉਹ ਸਰਕਾਰ ਬਣਨ 'ਤੇ ਉਨ੍ਹਾਂ ਨੂੰ ਮੁੜ ਬਹਾਲ ਕਰਵਾਉਣਗੇ। 2012 'ਚ ਡਾ. ਚੀਮਾ ਰੂਪਨਗਰ ਤੋਂ ਵਿਧਾਇਕ ਬਣੇ ਪਰ ਇਨ੍ਹਾਂ ਕਰਮਚਾਰੀਆਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੂੰ ਮੁੜ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਾ ਪਿਆ। ਸਮੇਂ-ਸਮੇਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗਾਂ ਤੋਂ ਬਾਅਦ ਜਦੋਂ ਸਿਲਸਿਲਾ ਕਿਸੇ ਕੰਢੇ ਨਾ ਲੱਗਾ ਤਾਂ 10 ਦਸੰਬਰ 2014 ਨੂੰ ਵਿਸ਼ਵ ਕਬੱਡੀ ਕੱਪ ਦੌਰਾਨ ਕੀਤੇ ਪ੍ਰਦਰਸ਼ਨ ਤਹਿਤ ਉਨ੍ਹਾਂ ਨੂੰ ਗ੍ਰਿਫਤਾਰੀਆਂ ਦੇਣੀਆਂ ਪਈਆਂ। 29 ਫਰਵਰੀ 2014 ਨੂੰ ਸਿੱਖਿਆ ਵਿਭਾਗ ਡਾ. ਦਲਜੀਤ ਸਿੰਘ ਚੀਮਾ ਕੋਲ ਆਉਣ ਮਗਰੋਂ 27 ਮਾਰਚ ਨੂੰ ਜਦੋਂ ਕਰਮਚਾਰੀਆਂ ਨੇ ਡਾ. ਦਲਜੀਤ ਸਿੰਘ ਚੀਮਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ 16 ਕਰਮਚਾਰੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

PunjabKesari
ਸਰਕਾਰੀ ਦਮਨ ਦੀ ਇਖਲਾਕੋਂ ਡਿੱਗੀ ਕਾਰਵਾਈ

3 ਅਪ੍ਰੈਲ 2016 ਨੂੰ 42 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਸਿੱਖਿਆ ਕਰਮਚਾਰੀਆਂ ਨੇ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕਾਹਨਪੁਰ ਖੂਹੀ ਆਮਦ ਮੌਕੇ ਰੋਸ ਦਾ ਪ੍ਰਗਟਾਵਾ ਕੀਤਾ ਤਾਂ ਸਰਕਾਰੀ ਦਮਨ ਦਾ ਕਹਿਰ ਉਨ੍ਹਾਂ 'ਤੇ ਆ ਡਿੱਗਾ। ਇਸ ਦੌਰਾਨ ਪੁਲਸ ਨੇ ਸੱਤਾਧਾਰੀ ਧਿਰ ਦੇ ਇਸ਼ਾਰੇ 'ਤੇ ਨਾ ਸਿਰਫ ਕੁੜੀਆਂ ਦੇ ਕੱਪੜੇ ਪਾੜੇ ਤੇ ਘਸੀਟ-ਘਸੀਟ ਕੇ ਪੰਡਾਲ ਤੋਂ ਬਾਹਰ ਸੁੱਟਿਆ, ਬਲਕਿ 8 ਕੁੜੀਆਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਖਿਲਾਫ ਝੂਠੇ ਕੇਸ ਦਰਜ ਕੀਤੇ। ਇਸੇ ਦਿਨ ਹੀ ਡੀ. ਸੀ. ਦਫਤਰ ਰੂਪਨਗਰ ਅੱਗੇ ਚੱਲ ਰਹੀ ਭੁੱਖ ਹੜਤਾਲ ਨੂੰ ਜਬਰੀ ਤੋੜਨ ਲਈ ਪੁਲਸ ਨੇ ਲਾਏ ਗਏ ਤੰਬੂ ਪੁੱਟੇ ਤੇ ਬੱਚਿਆਂ ਸਮੇਤ ਅਧਿਆਪਕਾਵਾਂ ਨੂੰ ਬੱਸਾਂ 'ਚ ਸੁੱਟ ਕੇ ਥਾਣਿਆਂ 'ਚ ਡੱਕਿਆ। ਇਸ ਉਪਰੰਤ ਫਾਰਗ ਕਰਮਚਾਰੀਆਂ ਦੀ ਭੁੱਖ ਹੜਤਾਲ, ਮਰਨ ਵਰਤ ਤੇ ਹੋਰ ਪੱਖਾਂ ਤੋਂ ਸੰਘਰਸ਼ ਅੱਜ ਤੱਕ ਲਗਾਤਾਰ ਜਾਰੀ ਹੈ। ਚੋਣਾਂ ਦੌਰਾਨ ਹਰ ਸੱਤਾਧਾਰੀ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਕੇਸ ਵਾਪਸ ਲੈਣ ਤੇ ਮੁੜ ਨੌਕਰੀ 'ਤੇ ਬਹਾਲ ਕਰਨ ਦੇ ਵਾਅਦੇ ਕੀਤੇ ਸਨ ਪਰ ਫਾਰਗ ਸਿੱਖਿਆ ਕਰਮਚਾਰੀ ਕੋਰਟ 'ਚ ਤਰੀਕਾਂ ਭੁਗਤਣ ਲਈ ਮਜਬੂਰ ਹਨ।


Related News