ਬਿਨਾਂ ਪ੍ਰਵਾਨਗੀ ਤੋਂ ਪਿੱਪਲ ਪੁੱਟਣ ਦੇ ਦੋਸ਼ ''ਚ ਸਰਪੰਚ ਮੁਅੱਤਲ, 15 ਦਿਨਾਂ ''ਚ ਦੇਣਾ ਹੋਵੇਗਾ ਸਪੱਸ਼ਟੀਕਰਨ

04/22/2023 12:19:32 AM

ਮੁੱਲਾਂਪੁਰ ਦਾਖਾ (ਕਾਲੀਆ) : ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਗੁਰਪ੍ਰੀਤ ਸਿੰਘ ਖਹਿਰਾ ਨੇ ਪਿੰਡ ਕੈਲਪੁਰ ਦੇ ਸਰਪੰਚ ਸੁਰਿੰਦਰ ਸਿੰਘ ਨੂੰ ਬਿਨਾਂ ਪ੍ਰਵਾਨਗੀ ਤੋਂ ਪਿੱਪਲ ਪੁੱਟਣ ਦੇ ਦੋਸ਼ 'ਚ ਸਰਪੰਚੀ ਤੋਂ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਗ੍ਰਾਮ ਪੰਚਾਇਤ ਕੈਲਪੁਰ ਦੀ ਧਰਮਸ਼ਾਲਾ 'ਚ ਇਕ ਪਿੱਪਲ ਦਾ ਦਰੱਖਤ ਸੀ, ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁੱਟ ਦਿੱਤਾ ਗਿਆ, ਜਦਕਿ ਮਾਲਕੀ ਗ੍ਰਾਮ ਪੰਚਾਇਤ ਕੈਲਪੁਰ ਦੀ ਸੀ। ਸਰਪੰਚ ਵੱਲੋਂ ਸ਼ਿਕਾਇਤ ਤੋਂ ਪਹਿਲਾਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸੇ ਕਰਕੇ ਸਰਪੰਚ ਸੁਰਿੰਦਰ ਸਿੰਘ ਵੱਲੋਂ ਆਪਣੇ ਕੰਮ 'ਚ ਕੁਤਾਹੀ ਵਰਤੀ ਗਈ ਹੈ ਕਿਉਂਕਿ ਉਸ ਨੇ ਬਲਾਕ ਸੁਧਾਰ ਵਿਭਾਗ ਤੋਂ ਪਿੱਪਲ ਪੁੱਟਣ ਦੀ ਪ੍ਰਵਾਨਗੀ ਨਹੀਂ ਲਈ ਸੀ।

ਇਹ ਵੀ ਪੜ੍ਹੋ : ਕਰੋੜਾਂ ਦੀ ਬੋਗਸ ਬਿਲਿੰਗ, ਫਰਜ਼ੀ ਫਰਮਾਂ ਤੇ GST ਚੋਰੀ ਦਾ ਇਕ ਹੋਰ ਮਾਸਟਰਮਾਈਂਡ ਗ੍ਰਿਫ਼ਤਾਰ

ਇਸ ਸੰਦਰਭ 'ਚ ਸਰਪੰਚ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਪੇਸ਼ ਕਰਨ ਲਈ ਵਿਭਾਗ ਵੱਲੋਂ ਲਿਖਿਆ ਗਿਆ ਸੀ ਪਰ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਨਾ ਹੀ ਸੁਣਵਾਈ ਦੌਰਾਨ ਹਾਜ਼ਰ ਹੋ ਕੇ ਆਪਣਾ ਕੋਈ ਪੱਖ ਪੇਸ਼ ਕੀਤਾ। ਪੰਚਾਇਤੀ ਰਾਜ ਐਕਟ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਪੰਚ ਸੁਰਿੰਦਰ ਸਿੰਘ ਗ੍ਰਾਮ ਪੰਚਾਇਤ ਕੈਲਪੁਰ ਬਲਾਕ ਸੁਧਾਰ ਨੂੰ ਦੋਸ਼ ਸਾਬਤ ਹੋਣ ਦੀ ਸੂਰਤ 'ਚ ਸਰਪੰਚ ਦੇ ਅਹੁਦੇ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਪੰਜਾਬ ਪੰਚਾਇਤੀ ਰਾਜ ਐਕਟ ਅਧੀਨ 1994 ਦੀ ਧਾਰਾ 20 (5) ਅਨੁਸਾਰ ਮੁਅੱਤਲ ਸਰਪੰਚ ਸੁਰਿੰਦਰ ਸਿੰਘ ਪੰਚਾਇਤ ਦੀ ਕਿਸੇ ਵੀ ਕਾਰਵਾਈ 'ਚ ਭਾਗ ਨਹੀਂ ਲੈ ਸਕਦਾ ਅਤੇ ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇ, ਜੋ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਬਾਕੀ ਦੇ ਪੰਚਾਂ ਵੱਲੋਂ ਚੁਣਿਆ ਜਾਵੇਗਾ ਤੇ ਨਾਲ ਹੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਜਿਨ੍ਹਾਂ ਬੈਂਕਾਂ ਵਿੱਚ ਸਰਪੰਚ ਦੇ ਨਾਂ 'ਤੇ ਗ੍ਰਾਮ ਪੰਚਾਇਤ ਦੇ ਖਾਤੇ ਚੱਲਦੇ ਹਨ, ਉਹ ਤੁਰੰਤ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਦਫ਼ਤਰ ਨੂੰ ਭੇਜੀ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News