ਸਰਪੰਚੀ ਦੀ ਰੰਜਿਸ਼ ਕਾਰਨ ਘਰ ’ਤੇ ਹਮਲਾ, 2 ਜ਼ਖਮੀ
Sunday, Aug 19, 2018 - 02:22 AM (IST)

ਲੋਪੋਕੇ, (ਸਤਨਾਮ)- ਸਰਹੱਦੀ ਪਿੰਡ ਕੁੱਤੀਵਾਲ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਘਰ ’ਤੇ ਇੱਟਾਂ-ਰੋਡ਼ੇ ਚਲਾ ਕੇ 2 ਵਿਅਕਤੀਅਾਂ ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਨਰਿੰਦਰ ਕੌਰ ਪਤਨੀ ਸਵਿੰਦਰ ਸਿੰਘ ਨੇ ਦੋਸ਼ ਲਾਉਂਦਿਅਾਂ ਦੱਸਿਆ ਕਿ ਸਰਪੰਚੀ ਦੀਅਾਂ ਵੋਟਾਂ ਦੀ ਰੰਜਿਸ਼ ਕਾਰਨ ਬੀਤੀ ਰਾਤ 8 ਵਜੇ ਦੇ ਕਰੀਬ ਜਵਾਲਾ ਸਿੰਘ, ਬੀਰ ਸਿੰਘ, ਬਾਲਾ ਸਿੰਘ, ਬਿੱਕਰ ਸਿੰਘ, ਗੁਰਲਾਲ ਸਿੰਘ, ਮਨੀ ਤੇ ਸੂਬਾ ਸਿੰਘ ਨੇ ਆਪਣੇ ਨਾਲ 10-15 ਅਣਪਛਾਤੇ ਵਿਅਕਤੀਅਾਂ ਨੂੰ ਨਾਲ ਲੈ ਕੇ ਸਾਡੇ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ, ਜਦੋਂ ਉਨ੍ਹਾਂ ਘਰ ਦਾ ਦਰਵਾਜ਼ਾ ਬੰਦ ਕੀਤਾ ਤਾਂ ਮੁਲਜ਼ਮਾਂ ਨੇ ਸਾਡੇ ’ਤੇ ਇੱਟਾਂ-ਰੋਡ਼ੇ ਚਲਾਉਣੇ ਸ਼ੁਰੂ ਕਰ ਦਿੱਤੇ ਤਾਂ ਅਸੀਂ ਘਰੋਂ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਵਿਅਕਤੀਅਾਂ ਨੇ ਦਲਬੀਰ ਸਿੰਘ ਤੇ ਜੁਗਰਾਜ ਸਿੰਘ ਨੂੰ ਗੰਭੀਰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ, ਜੋ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਹਨ ਤੇ ਸਾਡੇ ਮੋਟਰਸਾਈਕਲ ਦੀ ਵੀ ਭੰਨ-ਤੋਡ਼ ਕੀਤੀ।
ਨਰਿੰਦਰ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਡੇ ’ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਜੇਕਰ ਤੁਸੀਂ ਸਾਨੂੰ ਵੋਟਾਂ ਨਾ ਪਾਈਅਾਂ ਤਾਂ ਤੁਹਾਡੇ ਘਰ ਨੂੰ ਜਾਂਦਾ ਗਲੀ ਦਾ ਰਸਤਾ ਬੰਦ ਕਰ ਦਿੱਤਾ ਜਾਵੇਗਾ। ਇਨ੍ਹਾਂ ਵੱਲੋਂ ਸਾਨੂੰ ਤੰਗ-ਪ੍ਰੇਸ਼ਾਨ ਕਰਨ ਲਈ ਗਲੀ ’ਚ ਸਬਮਰਸੀਬਲ ਬੋਰ ਵੀ ਕਰਵਾਇਆ ਗਿਆ। ਅਸੀਂ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਵੀ ਦਿੱਤੀ ਹੈ। ਇਸ ਸਬੰਧੀ ਵਿਰੋਧੀ ਧਿਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਅਸੀਂ ਕਿਸੇ ਨੂੰ ਸੱਟਾਂ ਨਹੀਂ ਮਾਰੀਅਾਂ। ਥਾਣਾ ਭਿੰਡੀ ਸੈਦਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਦਰਖਾਸਤਾਂ ਆਈਅਾਂ ਹਨ, ਤਫਤੀਸ਼ ਜਾਰੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।