ਹੁਸ਼ਿਆਰਪੁਰ: ਮਾਮੂਲੀ ਝਗੜੇ ਕਾਰਨ ਮੌਜੂਦਾ ਸਰਪੰਚ ਦਾ ਕਤਲ (ਵੀਡੀਓ)
Tuesday, Jun 12, 2018 - 07:12 PM (IST)
ਹੁਸ਼ਿਆਰਪੁਰ (ਅਮਰਿੰਦਰ, ਅਮਰੀਕ)— ਇਥੋਂ ਦੇ ਪਿੰਡ ਲਾਂਬੜਾ ਕਾਂਗੜੀ 'ਚ ਮੌਜੂਦਾ ਸਰਪੰਚ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਕਾਰਵਾਈ 'ਚ ਦੇਰੀ ਹੋਣ ਦੀ ਸਜ਼ਾ ਦਾ ਖਾਮਿਆਜ਼ਾ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਦਵਿੰਦਰ ਨੂੰ ਪਿੰਡ ਵਾਸੀ ਜਗਮੋਹਨ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ, ਜਿਸ 'ਚ ਉਸ ਨੇ ਸਰਪੰਚ ਦੇ ਘਰ 'ਚ ਲੱਗੇ ਦਰੱਖਤ ਬਾਰੇ ਕਈ ਵਾਰ ਕਿਹਾ ਸੀ ਕਿ ਉਨ੍ਹਾਂ ਦੇ ਦਰੱਖਤ ਦੇ ਪੱਤੇ ਉਨ੍ਹਾਂ ਦੇ ਘਰ 'ਚ ਡਿੱਗਦੇ ਹਨ। ਅਚਾਨਕ ਹਨੇਰੀ ਆਉਣ ਕਰਕੇ ਇਕ ਦਰੱਖਤ ਦੀ ਟਾਹਣੀ ਟੁੱਟ ਕੇ ਪਿੰਡ ਵਾਸੀ ਜਗਮੋਹਨ ਦੇ ਘਰ ਡਿੱਗ ਗਈ ਸੀ। ਇਸ ਦੀ ਸ਼ਿਕਾਇਤ ਜਗਮੋਹਨ ਨੇ ਕਈ ਵਾਰ ਸਰਪੰਚ ਨੂੰ ਕੀਤੀ ਸੀ ਪਰ ਸਰਪੰਚ ਨੇ ਸਮਾਂ ਨਾ ਮਿਲਣ ਦੇ ਕਾਰਨ ਉਸ ਦੀ ਸ਼ਿਕਾਇਤ 'ਤੇ ਧਿਆਨ ਨਾ ਦਿੱਤਾ, ਜਿਸ ਦਾ ਜਗਮੋਹਨ ਨੂੰ ਗੁੱਸਾ ਸੀ। ਬੀਤੀ ਸ਼ਾਮ ਜਦੋਂ ਪਿੰਡ ਦੇ ਕੁਝ ਨੌਜਵਾਨਾਂ ਨੇ ਸ਼ਬੀਲ ਲਗਾ ਰੱਖੀ ਸੀ ਤਾਂ ਸਰਪੰਚ ਵੀ ਇਥੇ ਪਹੁੰਚਿਆ। ਜਿਵੇਂ ਹੀ ਸਰਪੰਚ ਘਰ ਵੱਲ ਜਾਣ ਲੱਗਾ ਤਾਂ ਪਿੱਛੇ ਤੋਂ ਆਵਾਜ਼ ਪੈਣ 'ਤੇ ਰੁੱਕ ਗਿਆ ਅਤੇ ਦੌਰਾਨ ਘਾਤ ਲਗਾ ਕੇ ਬੈਠੇ ਜਗਮੋਹਨ ਸਿੰਘ ਨੇ ਦਵਿੰਦਰ 'ਤੇ ਕਹੀ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਦਵਿੰਦਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।
ਉਥੇ ਮੌਜੂਦ ਲੋਕਾਂ ਵੱਲੋਂ ਸਰਪੰਚ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਗੰਭੀਰ ਹਾਲਤ ਦੇਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਇਥੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਦਵਿੰਦਰ ਨੇ ਦਮ ਤੋੜ ਦਿੱਤਾ। ਦਵਿੰਦਰ ਦੇ ਭਰਾ ਅਤੇ ਪਿੰਡ ਵਾਸੀਆਂ ਮੁਤਾਬਕ ਦਰੱਖਤਾਂ ਦੀ ਸ਼ਿਕਾਇਤ ਦੀ ਰੰਜਿਸ਼ ਦੇ ਚਲਦਿਆਂ ਹੱਤਿਆ ਕੀਤੀ ਗਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਬੁੱਲੋਵਾਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਤਲ ਕਰਨ ਵਾਲਾ ਵਿਅਕਤੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹੈ ਅਤੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।