ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਸਰਪੰਚ ਦਾ ਤੁਗਲਕੀ ਫਰਮਾਨ, ਸੁਣ ਰਹਿ ਜਾਓਗੇ ਹੈਰਾਨ

09/07/2020 9:32:00 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਸਰਪੰਚ ਦੇ ਇਕ ਅਨੋਖੇ ਫਰਮਾਨ ਰੂਪੀ ਨੋਟਿਸ ਦੀ ਬਦੌਲਤ ਇਕ ਗਰੀਬ ਪਰਿਵਾਰ ਆਪਣਾ ਘਰ ਛੱਡ ਸੀਮੈਂਟ ਦੀਆਂ ਚਾਦਰਾਂ ਦੀ ਛੱਤ ਹੇਠ ਰਾਤਾਂ ਕੱਟ ਰਿਹਾ ਹੈ ਤੇ ਜਦ ਮੀਂਹ ਪੈਂਦਾ ਤਾਂ ਇਸ ਛੱਤ 'ਚੋਂ ਪਾਣੀ ਟਪਕਦਾ ਤਾਂ ਜਵਾਨ ਬੱਚਿਆਂ ਨੂੰ ਆਪਣੇ ਘਰ ਦੀ ਯਾਦ ਆਉਂਦੀ ਹੈ। ਯੂ. ਪੀ, ਬਿਹਾਰ ਅਤੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੱਲੋਂ ਬੀਤੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਵਿਰੁੱਧ ਲਏ ਫ਼ੈਸਲੇ ਅਕਸਰ ਚਰਚਾਵਾਂ 'ਚ ਰਹੇ ਹਨ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਫ਼ੈਸਲਿਆਂ ਦਾ ਵਿਰੋਧ ਵੀ ਕੀਤਾ। ਅੱਜ ਜੋ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਬਠਿੰਡਾ ਦੇ ਪਿੰਡ ਵਿਰਕ ਕਲਾਂ ਦੀ ਹੈ। ਰਾਮ ਸਿੰਘ ਨਾਮ ਦਾ ਵਿਅਕਤੀ ਕਰੀਬ 10 ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਵਾਹਰੇਵਾਲਾ ਤੋਂ ਵਿਰਕ ਕਲਾਂ ਚਲਾ ਜਾਂਦਾ ਹੈ। ਉਥੇ ਜ਼ਮੀਨ ਠੇਕੇ 'ਤੇ ਲੈ ਕੇ ਕੰਮ ਕਰਦਾ ਹੈ ਅਤੇ ਆਪਣਾ ਮਕਾਨ ਬਣਾ ਲੈਂਦਾ ਹੈ। ਰਾਮ ਸਿੰਘ ਦੀ ਧੀ ਬੀ. ਸੀ. ਏ. ਕਰ ਰਹੀ ਅਤੇ ਬੇਟਾ 12ਵੀਂ ਸ਼੍ਰੇਣੀ ਵਿਚ ਹੈ। ਰਾਮ ਸਿੰਘ ਅਨੁਸਾਰ ਉਹ ਪਿੰਡ 'ਚ ਬਣੇ ਇਕ ਡੇਰੇ 'ਚ ਸੇਵਾ ਵੀ ਕਰਦਾ ਰਿਹਾ ਅਤੇ ਬੀਤੀ 10-11 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਡੇਰੇ 'ਚ ਪਿੰਡ ਵੱਲੋਂ ਰੱਖਿਆ ਸਾਨ੍ਹ (ਝੋਟਾ) ਚੋਰੀ ਹੋ ਗਿਆ। ਪਿੰਡ ਵਾਸੀਆਂ ਸੀ. ਸੀ. ਟੀ. ਵੀ. ਕਢਵਾਈ ਤਾਂ ਡੇਰੇ ਵਿਚ ਦੋ ਵਿਅਕਤੀ ਆਉਂਦੇ ਨਜ਼ਰ ਆਏ, ਜਿਨ੍ਹਾਂ 'ਚੋਂ ਇਕ ਵਿਅਕਤੀ ਲੰਗੜਾ ਕੇ ਤੁਰ ਰਿਹਾ, ਪਿੰਡ ਵਾਸੀਆਂ ਅਨੁਸਾਰ ਇਹ ਵਿਅਕਤੀ ਰਾਮ ਸਿੰਘ ਹੈ।

ਇਹ ਵੀ ਪੜ੍ਹੋ :  ਫਿਰ ਸ਼ਰਮਸਾਰ ਹੋਈ ਇਨਸਾਨੀਅਤ, 13 ਸਾਲਾ ਕੁੜੀ ਨੇ ਪੁਲਸ ਸਾਹਮਣੇ ਖੋਲ੍ਹੀ ਮਾਂ ਤੇ ਭਰਾ ਦੀ ਗੰਦੀ ਕਰਤੂਤ

ਰਾਮ ਸਿੰਘ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹ ਇਸ ਚੋਰੀ ਵਿਚ ਨਹੀਂ ਹੈ। ਪਿੰਡ ਵਾਸੀਆਂ ਨੇ ਰਾਮ ਸਿੰਘ ਅਤੇ ਦੋ ਅਣਪਛਾਤਿਆਂ 'ਤੇ ਮਾਮਲਾ ਦਰਜ ਕਰਵਾ ਦਿੱਤਾ ਅਤੇ ਰਾਮ ਸਿੰਘ ਨੂੰ ਕੁੱਝ ਦਿਨ ਜੇਲ੍ਹ ਜਾਣਾ ਪਿਆ। ਭਾਵੇਂ ਰਾਮ ਸਿੰਘ ਦੀ ਕੁੱਝ ਦਿਨ ਬਾਅਦ ਜ਼ਮਾਨਤ ਹੋ ਗਈ ਪਰ ਪੁਲਸ ਨੂੰ ਨਾ ਸਾਨ੍ਹ ਮਿਲਿਆ ਅਤੇ ਨਾ ਹੀ ਦੋਵੇਂ ਅਣਪਛਾਤੇ ਪਰ ਇਸ ਸਭ ਦੇ ਵਿਚਕਾਰ ਜੋ ਕੁੱਝ ਰਾਮ ਸਿੰਘ ਦੇ ਪਰਿਵਾਰ ਨਾਲ ਬੀਤਦਾ ਉਹ ਮਨੁੱਖੀ ਅਧਿਕਾਰਾਂ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ । 29 ਫਰਵਰੀ ਨੂੰ ਪਿੰਡ ਦਾ ਚੌਂਕੀਦਾਰ ਰਾਮ ਸਿੰਘ ਦੇ ਘਰ ਇਕ ਨੋਟਿਸ ਲੈ ਕੇ ਪਹੁੰਚਿਆ, ਜਦੋਂ ਰਾਮ ਸਿੰਘ ਜੇਲ੍ਹ ਵਿਚ ਸੀ ਅਤੇ ਘਰ ਵਿਚ ਰਾਮ ਸਿੰਘ ਦੀ ਪਤਨੀ, ਬੇਟੀ ਅਤੇ ਬੇਟਾ ਹਨ। ਨੋਟਿਸ ਵਿਚ ਲਿਖਿਆ ਕਿ ਰਾਮ ਸਿੰਘ ਦਾ ਚਾਲ ਚੱਲਣ ਸਹੀਂ ਨਹੀਂ, ਇਸ ਲਈ 6 ਮਾਰਚ 2020 ਤੋਂ ਪਹਿਲਾਂ ਪੂਰਾ ਪਰਿਵਾਰ ਪਿੰਡ ਛੱਡ ਦੇਵੇ ਅਤੇ ਜੇਕਰ ਪਰਿਵਾਰ ਪਿੰਡ ਨਹੀਂ ਛੱਡੇਗਾ ਤਾਂ ਉਨ੍ਹਾਂ ਦਾ ਸਮਾਨ ਪਿੰਡ ਤੋਂ ਬਾਹਰ ਰੱਖ ਦਿੱਤਾ ਜਾਵੇਗਾ । ਸਾਰਾ ਪਰਿਵਾਰ 5 ਮਾਰਚ ਨੂੰ ਹੀ ਘਰ ਛੱਡ ਕੇ ਪਿੰਡ ਜਵਾਹਰੇਵਾਲਾ ਵਿਖੇ ਆ ਕਿ ਰਹਿਣ ਲੱਗਾ। ਰਾਮ ਸਿੰਘ ਜ਼ਮਾਨਤ 'ਤੇ ਬਾਹਰ ਆਇਆ ਆਇਆ ਅਤੇ ਪੁੱਛਿਆ ਕਿ ਪਹਿਲੀ ਗੱਲ ਤਾਂ ਉਸਨੇ ਚੋਰੀ ਨਹੀਂ ਕੀਤੀ ਅਤੇ ਫਿਰ ਵੀ ਜਦੋਂ ਉਸ 'ਤੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਉਹ ਜੇਲ੍ਹ ਵੀ ਜਾ ਆਇਆ ਤਾਂ ਪਿੱਛੋਂ ਪਰਿਵਾਰ ਨੂੰ ਅਜਿਹਾ ਨੋਟਿਸ ਦੇ ਪਿੰਡ 'ਚੋਂ ਬਾਹਰ ਕੱਢਣ ਦਾ ਅਧਿਕਾਰ ਸਰਪੰਚ ਨੂੰ ਕਿਸ ਨੇ ਦਿੱਤਾ ਹੈ। ਰਾਮ ਸਿੰਘ ਹੁਣ ਪਿੰਡ ਜਵਾਹਰੇਵਾਲਾ ਵਿਖੇ ਬਣਾਏ ਇਕ ਕੋਠੇ 'ਚ ਰਹਿ ਰਿਹਾ ਹੈ ਜਿਸ ਦੀ ਸੀਮੈਂਟ ਚਾਦਰ ਦੀ ਛੱਤ 'ਚੋਂ ਬਰਸਾਤੀ ਮੌਸਮ 'ਚ ਅਕਸਰ ਪਾਣੀ ਟਪਕਦਾ ਰਹਿੰਦਾ ਹੈ। 

PunjabKesari

ਇਹ ਵੀ ਪੜ੍ਹੋ :  ਲੁਧਿਆਣਾ 'ਚ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ 'ਚ ਦੇਖੋ ਪੂਰੀ ਘਟਨਾ

ਰਾਮ ਸਿੰਘ ਦੀ ਬੀ. ਸੀ. ਏ. ਕਰ ਰਹੀ ਧੀ ਨਵਜੋਤ ਕੌਰ ਅਨੁਸਾਰ ਉਹ ਦਿਨ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਜਦ ਪਿੰਡ ਦਾ ਚੌਂਕੀਦਾਰ ਘਰ ਆਇਆ ਅਤੇ ਸਰਪੰਚ ਦੇ ਦਿੱਤੇ ਇਕ ਨੋਟਿਸ ਜਿਸ 'ਤੇ ਉਨ੍ਹਾਂ ਨੂੰ ਪਿੰਡ ਛੱਡਣ ਲਈ ਲਿਖਿਆ ਗਿਆ ਸੀ 'ਤੇ ਦਸਤਖਤ ਕਰਨ ਨੂੰ ਕਿਹਾ। ਉਨ੍ਹਾਂ ਦਸਤਖਤ ਨਹੀਂ ਕੀਤੇ ਪਰ ਨੋਟਿਸ ਦੇਖ ਹੱਕੇ-ਬੱਕੇ ਰਹਿ ਗਏ। ਨਵਜੋਤ ਅਨੁਸਾਰ ਉਨ੍ਹਾਂ ਡਰਦਿਆਂ ਮਿੱਥੇ ਸਮੇਂ ਤੋਂ ਪਹਿਲਾਂ ਹੀ ਆਪਣਾ ਘਰ ਛੱਡ ਦਿੱਤਾ। ਨਵਜੋਤ ਕਹਿੰਦੀ ਹੈ ਕਿ ਉਸਦੀ ਬੀ. ਸੀ. ਏ. ਦੀ ਪੜ੍ਹਾਈ ਵਿਚ ਰਹਿ ਗਈ ਅਤੇ ਅੱਜ ਉਹ ਆਪਣਾ ਵਧੀਆ ਘਰ ਛੱਡ ਕੇ ਇਸ ਜਵਾਹਰੇਵਾਲਾ ਪਿੰਡ ਵਿਚ ਕੋਠਾ ਪਾ ਕੇ ਰਹਿਣ ਨੂੰ ਮਜਬੂਰ ਹਨ। ਉਧਰ ਰਾਮ ਸਿੰਘ ਅਨੁਸਾਰ ਉਸਨੂੰ ਜੇਲ੍ਹ 'ਚ ਜਾਣਕਾਰੀ ਮਿਲੀ ਸੀ ਕਿ ਉਸਦੇ ਪਰਿਵਾਰ ਨਾਲ ਅਜਿਹਾ ਹੋਇਆ। ਉਹ ਪਿੰਡ ਜਵਾਹਰੇਵਾਲਾ ਆਏ ਪਹਿਲਾਂ ਤੰਬੂ ਲਾ ਕੇ ਰਹਿਣ ਲੱਗੇ ਅਤੇ ਫਿਰ ਇਹ ਕੋਠਾ ਪਾਇਆ। ਰਾਮ ਸਿੰਘ ਕਹਿੰਦਾ ਕਿ ਸਰਪੰਚਸੱਤਾਧਾਰੀ ਪਾਰਟੀ ਕਾਂਗਰਸ ਨਾਲ ਸਬੰਧਿਤ ਹੈ ਅਤੇ ਤਾਂ ਹੀ ਉਸ ਦੇ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਸਰਪੰਚ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। 

ਇਹ ਵੀ ਪੜ੍ਹੋ :  ਸੱਤ ਜਨਮਾਂ ਦਾ ਸਾਥ ਦੇਣ ਦਾ ਵਾਅਦਾ ਕਰਨ ਵਾਲੇ ਪਤੀ ਨੇ ਚਾੜ੍ਹਿਆ ਚੰਨ, ਸਕੀ ਭੈਣ ਨੇ ਵੀ ਘੱਟ ਨਾ ਕੀਤੀ

ਕੀ ਕਹਿਣਾ ਹੈ ਸਰਪੰਚ ਦਾ 
ਸਰਪੰਚ ਗੁਰਚਰਨ ਸਿੰਘ ਨਾਲ ਜਦੋਂ ਇਸ ਮਾਮਲੇ ਸੰਬੰਧੀ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਇਹ ਨੋਟਿਸ ਉਨ੍ਹਾਂ
ਕੱਢਿਆ ਸੀ ਪਰ ਸਰਪੰਚ ਅਨੁਸਾਰ ਪਹਿਲਾਂ ਗਰਾਮ ਸਭਾ ਵਿਚ ਮਤਾ ਪਾਇਆ ਗਿਆ, ਜਿਸ 'ਤੇ ਪਿੰਡ ਵਾਸੀਆਂ ਦਸਤਖਤ ਕੀਤੇ ਅਤੇ ਫਿਰ ਉਹ ਨੋਟਿਸ ਉਨ੍ਹਾਂ ਕੱਢਿਆ ਪਰ ਸਰਪੰਚ ਕੋਲ ਇਸ ਗੱਲ ਦਾ ਜਵਾਬ ਨਹੀਂ ਕਿ ਅਜਿਹਾ ਨੋਟਿਸ ਕੱਢਣ ਦਾ ਉਸ ਕੋਲ ਅਧਿਕਾਰ ਹੈ ਜਾਂ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਰਾਮ ਸਿੰਘ ਵਲੋਂ ਕੀਤੀਆਂ ਸ਼ਿਕਾਇਤਾਂ ਦਾ ਆਖਰ ਕੀ ਨਤੀਜਾ ਨਿਕਲਦਾ ਹੈ।

ਇਹ ਵੀ ਪੜ੍ਹੋ :  ਇਕ ਹੋਰ ਦੇਹ ਵਪਾਰ ਦਾ ਧੰਦਾ ਹੋਇਆ ਬੇਨਕਾਬ, ਰੰਗੇ ਹੱਥੀਂ ਫੜੀਆਂ ਗਈਆਂ ਜਨਾਨੀਆਂ 


Gurminder Singh

Content Editor

Related News