ਕੈਦੂਪੁਰ ਦੇ ਸਰਪੰਚ ਨੇ ਦਿੱਤੀ ਜਾਨ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ, ਜਾਣੋ ਕੀ ਹੈ ਮਾਮਲਾ
Thursday, Nov 24, 2022 - 11:15 PM (IST)
ਪਟਿਆਲਾ/ਨਾਭਾ (ਬਲਜਿੰਦਰ, ਖੁਰਾਣਾ) : ਪਟਿਆਲਾ ਬਲਾਕ ਦੇ ਪਿੰਡ ਕੈਦੂਪੁਰ ਦੇ ਸਰਪੰਚ ਦੀਦਾਰ ਸਿੰਘ ਨੇ ਨਹਿਰ ’ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਸਰਪੰਚ ਦੇ ਰਿਸ਼ਤੇਦਾਰਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਪਟਿਆਲਾ ਪੰਚਾਇਤ ਵਿਭਾਗ ਦੇ ਜੇ. ਈ. ਅਤੇ ਸਕੱਤਰ ਨੇ ਸਰਪੰਚ ਤੋਂ ਖਾਲੀ ਚੈੱਕ ’ਤੇ ਸਾਈਨ ਕਰ ਕੇ ਪੈਸੇ ਕੱਢਵਾ ਲਏ ਅਤੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਕਰ ਕੇ ਉਸ ਨੇ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਸਕੂਟਰੀ ਅਤੇ ਮੋਬਾਈਲ ਦਾ ਵੀ ਅਜੇ ਕੁਝ ਪਤਾ ਨਹੀਂ ਲੱਗਾ।
ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਆਪੇ ਤੋਂ ਬਾਹਰ ਹੋਇਆ ਮਜ਼ਦੂਰ, 2 ਧੀਆਂ, ਭਰਾ ਤੇ SHO ਸਣੇ 5 ਨੂੰ ਉਤਾਰਿਆ ਮੌਤ ਦੇ ਘਾਟ
ਰੋਸ ਵਜੋਂ ਪਰਿਵਾਰ ਵਾਲਿਆਂ ਅਤੇ ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਪੰਚ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਹੈ। ਇਸ ਦੇ ਲਈ ਪੰਚਾਇਤ ਵਿਭਾਗ ਦੇ ਜੇ. ਈ. ਅਤੇ ਸਕੱਤਰ ਜ਼ਿੰਮੇਵਾਰ ਹਨ, ਜਿਹੜੇ ਸਰਪੰਚ ਨੂੰ ਝੂਠੇ ਮਾਮਲੇ ’ਚ ਫਸਾਉਣਾ ਚਾਹੁੰਦੇ ਸਨ। ਖਬਰ ਲਿਖੇ ਜਾਣ ਤੱਕ ਧਰਨਾ ਉੱਥੇ ਲੱਗਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਤਾਂਤਰਿਕ ਦਾ ਵਹਿਸ਼ੀਪੁਣਾ ! ਪ੍ਰੇਮੀ-ਪ੍ਰੇਮਿਕਾ ਨੂੰ ਗੂੰਦ ਨਾਲ ਜੋੜ ਕੇ ਕੀਤੇ ਕਈ ਵਾਰ, ਦਿੱਤੀ ਰੂਹ ਕੰਬਾਊ ਮੌਤ
ਮ੍ਰਿਤਕ ਸਰਪੰਚ ਦੀਦਾਰ ਸਿੰਘ ਦੇ ਭਰਾ ਧਰਮਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਪੁਲਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਮਜਬੂਰਨ ਕੜਾਕੇ ਦੀ ਠੰਡ ’ਚ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਰਪੰਚ ਦੀਦਾਰ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਧਰਨੇ ਕਾਰਨ ਰੋਡ ਪੂਰੀ ਤਰ੍ਹਾਂ ਜਾਮ ਹੋ ਚੁੱਕੀ ਸੀ। ਦੋਨੋਂ ਪਾਸੇ ਟਰੈਫਿਕ ਜਾਮ ਲੱਗਾ ਹੋਇਆ ਸੀ। ਮੌਕੇ ’ਤੇ ਡੀ. ਐੱਸ. ਪੀ. ਸਮਾਣਾ ਵਰੁਣ ਜਿੰਦਲ ਅਤੇ ਥਾਣਾ ਪਸਿਆਣਾ ਦੇ ਮੁਖੀ ਅੰਕੁਰਦੀਪ ਸਿੰਘ ਅਤੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।