ਵਿਜੀਲੈਂਸ ਦੀ ਕਾਰਵਾਈ: ਰਿਸ਼ਵਤ ਲੈਣ ਦੇ ਦੋਸ਼ ’ਚ ਸਰਪੰਚ ਗ੍ਰਿਫ਼ਤਾਰ
Monday, Nov 21, 2022 - 11:19 PM (IST)

ਲੁਧਿਆਣਾ (ਰਾਜ) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰਿਸ਼ਵਤਖੋਰਾਂ ’ਤੇ ਸ਼ਿਕੰਜਾ ਕੱਸਿਆ ਗਿਆ ਹੈ। ਲਗਾਤਾਰ ਲੁਧਿਆਣਾ ’ਚ ਕਾਰਵਾਈ ਚੱਲ ਰਹੀ ਹੈ। ਇਸ ਦੇ ਤਹਿਤ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਲਾਦੀਆਂ ਦੇ ਸਰਪੰਚ ਨੂੰ ਕਾਬੂ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਿਸ਼ਵਤ ਦਾ ਇਹ ਮਾਮਲਾ ਸਿਰਫ਼ 400 ਰੁਪਏ ਦਾ ਹੈ, ਜੋ ਸਰਪੰਚ ਪਰਮਜੀਤ ਸਿੰਘ ਨੇ ਇਕ ਵਿਅਕਤੀ ਤੋਂ ਆਧਾਰ ਕਾਰਡ ’ਚ ਪਤਾ ਬਦਲਵਾਉਣ ਬਦਲੇ ਲਏ ਸਨ। ਹਾਲਾਂਕਿ ਹੁਣ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਸਰਪੰਚ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕਾਰਵਾਈ ਲਾਦੀਆਂ ਦੇ ਰਹਿਣ ਵਾਲੇ ਅਮਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਸੂਬਾ ਤੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਕਹੀ ਵੱਡੀ ਗੱਲ
ਜਾਣਕਾਰੀ ਮੁਤਾਬਕ ਰੌਸ਼ਨ ਲਾਲ ਨਾਂ ਦੇ ਪ੍ਰਵਾਸੀ ਵਿਅਕਤੀ ਨੇ ਆਪਣੇ ਆਧਾਰ ਕਾਰਡ ’ਚ ਪਤਾ ਬਦਲਵਾਉਣਾ ਸੀ। ਇਸ ਲਈ ਉਹ ਸਰਪੰਚ ਕੋਲ ਗਿਆ ਸੀ। ਸਰਪੰਚ ਪਰਮਜੀਤ ਸਿੰਘ ਨੇ ਉਸ ਤੋਂ 500 ਰੁਪਏ ਦੀ ਮੰਗ ਕੀਤੀ ਸੀ। ਉਸ ਨੇ ਪਹਿਲਾਂ 200 ਰੁਪਏ ਸਰਪੰਚ ਨੂੰ ਦੇ ਦਿੱਤੇ ਅਤੇ ਫਿਰ ਅਗਲੇ ਦਿਨ 200 ਰੁਪਏ ਦਿੱਤੇ। ਇਸ ਤਰ੍ਹਾਂ ਉਸ ਨੇ 400 ਰੁਪਏ ਦੇ ਦਿੱਤੇ ਸਨ ਪਰ ਫਿਰ ਵੀ ਸਰਪੰਚ ਕੰਮ ਬਦਲੇ ਹੋਰ ਪੈਸੇ ਮੰਗ ਰਿਹਾ ਸੀ। ਇਸ ਲਈ ਉਸ ਨੇ ਸਮਾਜਸੇਵੀ ਅਮਨਦੀਪ ਸ਼ਰਮਾ ਨੂੰ ਇਹ ਗੱਲ ਦੱਸੀ।
ਇਹ ਵੀ ਪੜ੍ਹੋ : ਪੰਜਾਬ 'ਚ 300 ਮੈਗਾਵਾਟ ਦੇ ਕੈਨਾਲ ਟਾਪ ਅਤੇ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ ਲਗਾਏ ਜਾਣਗੇ : ਅਮਨ ਅਰੋੜਾ
ਅਮਨਦੀਪ ਸ਼ਰਮਾ ਨੇ ਇਸ ਗੱਲ ਦੀ ਆਵਾਜ਼ ਉਠਾਈ ਤਾਂ ਸਰਪੰਚ ਪਰਮਜੀਤ ਸਿੰਘ ਨੇ ਰੌਸ਼ਨ ਲਾਲ ਤੋਂ ਰਿਸ਼ਵਤ ਵਜੋਂ ਲਏ 400 ਰੁਪਏ ਵਾਪਸ ਕਰ ਦਿੱਤੇ ਪਰ ਅਮਨਦੀਪ ਸ਼ਰਮਾ ਨੇ ਇਸ ਦੀ ਮੋਬਾਇਲ ’ਤੇ ਵੀਡੀਓ ਬਣਾ ਲਈ ਸੀ। ਫਿਰ ਉਕਤ ਵੀਡੀਓ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ’ਤੇ ਭੇਜ ਕੇ ਸ਼ਿਕਾਇਤ ਕਰ ਦਿੱਤੀ, ਜਿਸ ਦੀ ਜਾਂਚ ਵਿਜੀਲੈਂਸ ਬਿਊਰੋ ਨੇ ਕੀਤੀ ਅਤੇ ਦੋਸ਼ ਸਹੀ ਪਾਏ ਗਏ। ਵਿਜ਼ੀਲੈਂਸ ਦੇ ਐੱਸ. ਐੱਸ. ਪੀ. ਰਵਿੰਦਰਪਾਲ ਸੰਧੂ ਦਾ ਕਹਿਦਾ ਹੈ ਕਿ ਮੁਲਜ਼ਮ ਸਰਪੰਚ ਨੂੰ ਕਾਬੂ ਕਰ ਲਿਆ ਹੈ। ਮੰਗਲਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।