ਸਰਨਾ ਤੇ ਜੀ. ਕੇ. ਨੇ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਮੰਗਿਆ ਅਸਤੀਫ਼ਾ
Friday, Jan 28, 2022 - 05:31 PM (IST)
ਜਲੰਧਰ (ਬਿਊਰੋ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਸ਼ਨੀਵਾਰ ਨੂੰ ਹੋਏ ਜਨਰਲ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਕਮੇਟੀ ਮੈਂਬਰਾਂ ਨੂੰ ਦਿੱਲੀ ਪੁਲਸ ਵੱਲੋਂ ਚਲਦੇ ਹੋਏ ਇਜ਼ਲਾਸ ’ਚੋਂ ਜ਼ਬਰੀ ਬਾਹਰ ਕੱਢਣ ਦਾ ਮਾਮਲਾ ਭੱਖ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ. ਕੇ. ਨੇ ਸਥਾਨਕ ਹੋਟਲ ਵਿਖੇ ਪੱਤਰਕਾਰਾਂ ਨੂੰ ਸੰਬੋਧਿਤ ਕੀਤਾ। ਦੋਵਾਂ ਆਗੂਆਂ ਨੇ ਦਾਅਵਾ ਕੀਤਾ ਕੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਆਪਣੇ ਮੈਂਬਰਾਂ ਦੇ ਕ੍ਰਾਸ ਵੋਟਿੰਗ ਦੇ ਖਦਸੇ ਨੂੰ ਠੱਲ੍ਹਣ ਵਾਸਤੇ ਵਿਰੋਧੀ ਧਿਰ ਦੇ ਕਮੇਟੀ ਮੈਂਬਰਾਂ ਨੂੰ ਬਾਹਰ ਸੁੱਟਣ ਦਾ ਟੀਚਾ ਮਿੱਥਿਆ ਗਿਆ ਸੀ। ਜਿਸ ਦੇ ਲਈ ਬਕਾਇਦਾ ਕਾਲਕਾ ਨੇ 30 ਮੈਂਬਰਾਂ ਦੇ ਦਸਤਖ਼ਤਾਂ ਨਾਲ ਪੁਲਸ ਫੋਰਸ ਮੰਗਣ ਲਈ ਡਾਇਰੈਕਟਰ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਪੱਤਰ ਲਿਖਿਆ, ਜਿਸ ’ਚ 29ਵੇਂ ਨੰਬਰ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਸਤਖ਼ਤ ਵੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਲਦੇ ਇਜਲਾਸ ਵਿੱਚ ਪਹਿਲਾਂ ਕਾਬਜ਼ ਧਿਰ ਵੱਲੋਂ ਇੱਕ ਵੋਟ ਨੂੰ ਲੈਕੇ ਬੇਲੋੜਾ ਵਿਚਾਰਕ ਟਕਰਾਅ ਪੈਦਾ ਕੀਤਾ ਗਿਆ ਤੇ ਫਿਰ 11 ਘੰਟੇ ਤੱਕ ਆਪਣੀ ਜਿੱਦ ਨੂੰ ਸਿਰੇ ਚਾੜ੍ਹਨ ਲਈ ਪੁਲਸ ਬੁਲਾਈ ਗਈ। ਸਰਨਾ ਨੇ ਦੱਸਿਆ ਕਿ ਦਿੱਲੀ ਕਮੇਟੀ ਦਫ਼ਤਰ ’ਚ ਬਾ-ਵਰਦੀ ਜੁਤੀਆਂ ਸਣੇ ਪੁਲਸ ਵਾੜੀ ਗਈ, ਹੋ ਸਕਦਾ ਹੈ ਕਿ ਪੁਲਸ ਕਰਮੀਆਂ ਦੀਆਂ ਜੇਬਾਂ ਵਿੱਚ ਤੰਬਾਕੂ, ਸਿਗਰਟ ਅਤੇ ਬੀੜੀਆਂ ਵੀ ਨਾਲ ਰਹੀਆਂ ਹੋਣ। ਇਸ ਸਾਰੇ ਮਾਮਲੇ ਵਿੱਚ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਗੁਰੂ ਮਹਾਰਾਜ ਦੀ ਹਜ਼ੂਰੀ ’ਚ ਪੁਲਸ ਅਧਿਕਾਰੀਆਂ ਨੂੰ ਵਾੜਣ ਲਈ ਦਿੱਤੀ ਗਈ ਦਰਖ਼ਾਸਤ ’ਤੇ ਦਸਤਖ਼ਤ ਕੀਤੇ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਸੱਤਾ ਦਾ ਕੇਂਦਰੀਕਰਨ ਕੀਤਾ, GST ਨਾਲ ਅਰਬਪਤੀਆਂ ਨੂੰ ਫਾਇਦਾ ਪਹੁੰਚਾਇਆ : ਰਾਹੁਲ
ਸਰਨਾ ਨੇ ਇਸ ਮਾਮਲੇ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਚੁੱਪੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਵੀ ਮੰਗ ਲਿਆ। ਜੀ. ਕੇ. ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਸਤੀਫ਼ਾ ਮੰਗਦੇ ਹੋਏ ਪੰਜਾਬ ਦੇ ਵੋਟਰਾਂ ਨੂੰ ਬਾਦਲ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ। ਜੀ. ਕੇ. ਨੇ ਦਿੱਲੀ ਕਮੇਟੀ ਦੇ ਜ਼ਬਰੀ ਬਣੇ ਨਵੇਂ ਅਹੁਦੇਦਾਰਾਂ ਦੀ ਪੁਰਾਣੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਹੋਇਆਂ ਇਸ ਮਾਮਲੇ ਵਿੱਚ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਜਾਣਕਾਰੀ ਦਿੱਤੀ। ਜੀ. ਕੇ. ਨੇ ਅਫਸੋਸ ਜਤਾਇਆ ਕਿ ਭਾਰਤੀ ਲੋਕਤੰਤਰ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਪ੍ਰਧਾਨ ਅਹੁਦੇ ਦੇ ਸਾਡੇ ਉਮੀਦਵਾਰ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਹਿਮਾਇਤੀ ਕਮੇਟੀ ਮੈਂਬਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ। ਇਹ 'ਲੋਕਤੰਤਰ' ਨੂੰ 'ਲੱਠਤੰਤਰ' ਵਿੱਚ ਬਦਲਣ ਦੀ ਕਵਾਇਦ ਲਗਦੀ ਹੈ, ਜਿਸ ਦੀ ਰਹਿਨੁਮਾਈ ਕਰਨ ਦਾ ਦੋਸ਼ ਪੰਥ ਦੀ ਵੱਡੀ ਹਸਤੀਆਂ ਉਤੇ ਲਗ ਰਿਹਾ ਹੈਂ। ਜੀ. ਕੇ. ਨੇ ਚੇਤਾ ਕਰਵਾਇਆ ਕੀ ਉਹ ਲੰਮੇ ਸਮੇਂ ਤੋਂ ਧਾਰਮਿਕ ਅਦਾਰਿਆਂ ਵਿੱਚ ਸਿਆਸੀ ਲੋਕਾਂ ਦੀ ਸ਼ਮੂਲੀਅਤ ਦਾ ਵਿਰੋਧ ਕਿਉਂ ਕਰ ਰਹੇ ਹਨ ? ਹੁਣ ਦਿੱਲੀ ਕਮੇਟੀ ਦੇ ਇਜਲਾਸ ਦੌਰਾਨ ਸਿਆਸੀ ਲੋਕਾਂ ਨੇ ਕਮੇਟੀ 'ਤੇ ਕਬਜ਼ੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਤੋਂ ਸੰਕੋਚ ਨਹੀਂ ਕੀਤਾ ਕਿਉਂਕਿ ਇਨ੍ਹਾਂ ਦਾ ਟੀਚਾ ਗੁਰੂ ਦਾ ਅਦਬ ਨਹੀਂ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਵਿਵਾਦ ’ਚ ਘਿਰੇ ਨਵਜੋਤ ਸਿੱਧੂ, ਅਮਰੀਕਾ ਤੋਂ ਆਈ ਭੈਣ ਨੇ ਲਗਾਏ ਵੱਡੇ ਦੋਸ਼
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ