ਭਾਰਤ ਦੇ ਸੱਚੇ ਸਪੂਤ ਅਤੇ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ

Wednesday, Jul 31, 2019 - 09:47 AM (IST)

ਭਾਰਤ ਦੇ ਸੱਚੇ ਸਪੂਤ ਅਤੇ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ

ਅੱਜ ਸਮੇਂ ਦੀਆਂ ਸਾਡੀਆਂ ਸਰਕਾਰਾਂ ਤੇ ਬਾਕੀ ਸਿਆਸੀ ਪਾਰਟੀਆਂ ਇਵੇਂ ਸਮਾਜਸੇਵੀ/ਦੇਸ਼ ਭਗਤ ਜਥੇਬੰਦੀਆਂ ਦੇਸ਼ ਦੀ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦਾਂ ਦੇ ਦਿਹਾੜੇ ਹਰ ਸਾਲ ਬੜੇ ਜੋਸ਼ੀਲ ਭਾਸ਼ਣਾਂ ਅਤੇ ਦੇਸ਼ ਭਗਤੀ ਦੇ ਗੀਤਾਂ ਵਾਲੇ ਰੰਗਾ-ਰੰਗ ਪ੍ਰੋਗਰਾਮ ਰਾਹੀਂ ਇੰਝ ਮਨਾਉਂਦੀਆਂ ਹਨ ਜਿਵੇਂ ਉਹ ਉਨ੍ਹਾਂ ਸ਼ਹੀਦਾਂ ਪ੍ਰਤੀ ਬਹੁਤ ਵਫਾਦਾਰ ਹੋਣ। ਅਸਲੀਅਤ ਤਾਂ ਇਹ ਹੈ ਕਿ ਇਨ੍ਹਾਂ 'ਚੋਂ ਕੁਝ ਕੁ ਈਮਾਨਦਾਰ ਲੀਡਰਾਂ ਅਤੇ ਦੇਸ਼ ਭਗਤ ਜਥੇਬੰਦੀਆਂ ਨੂੰ ਛੱਡ ਕੇ ਬਾਕੀ ਸਭ ਸਾਡੇ ਸ਼ਹੀਦਾਂ ਸ. ਊਧਮ ਸਿੰਘ ਦੀ ਸੋਚ ਤੋਂ ਕੋਹਾਂ ਦੂਰ ਹਨ। ਸਰਦਾਰ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਸੁਨਾਮ ਸ਼ਹਿਰ (ਪੰਜਾਬ) ਜਿਸ ਦਾ ਨਾਂ ਹੁਣ ਸੁਨਾਮ ਊਧਮ ਸਿੰਘ ਵਾਲਾ ਹੈ, ਵਿਖੇ ਬਣੀ ਉਨ੍ਹਾਂ ਦੀ ਸਮਾਧ 'ਤੇ ਮਨਾਇਆ ਜਾਂਦਾ ਹੈ। ਸਾਡੇ ਇਤਿਹਾਸਕ ਵਿਦਵਾਨ ਸ਼ਹੀਦ ਊਧਮ ਸਿੰਘ ਜੀ ਤੇ ਹੋਰ ਸ਼ਹੀਦਾਂ ਪ੍ਰਤੀ ਵੱਡਮੁੱਲੀ ਜਾਣਕਾਰੀ ਆਪਣੀਆਂ ਖੋਜ ਭਰਪੂਰ ਲਿਖਤਾਂ ਰਾਹੀਂ ਦਿੰਦੇ ਹਨ ਕਿ ਕਿਵੇਂ ਅੰਗਰੇਜ਼ ਸਾਮਰਾਜ ਦੀ ਲੰਬੀ ਗੁਲਾਮੀ ਤੋਂ ਬਾਅਦ ਮਿਲੀ ਆਜ਼ਾਦੀ ਉਪਰੰਤ ਅਸੀਂ ਭਾਰਤਵਾਸੀ ਮਨਮਰਜ਼ੀ ਦਾ ਸੁੱਖ ਭੋਗ ਰਹੇ ਹਾਂ ਅਤੇ ਰਾਜ ਭਾਗ ਦੀਆਂ ਕੁਰਸੀਆਂ 'ਤੇ ਕਾਬਜ਼ ਹੋਏ ਸਿਆਸੀ ਹੁਕਮਰਾਨ ਮੌਜਾਂ ਮਾਣ ਰਹੇ ਹਨ। ਇਤਿਹਾਸਕ ਵਿਦਵਾਨਾਂ ਨੇ ਕਿਹਾ ਕਿ ਇਹ ਸਭ ਸਰਦਾਰ ਊਧਮ ਸਿੰਘ ਜੀ ਦੀਆਂ ਕੁਰਬਾਨੀਆਂ ਸਦਕਾ ਹੀ ਹੋਇਆ ਹੈ।

ਸ. ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਧਰਮ ਨਿਰਪੱਖ ਇਨਸਾਨ, ਅਟਲ ਇਰਾਦੇ ਅਤੇ ਦ੍ਰਿੜ੍ਹ ਵਿਸ਼ਵਾਸ ਵਾਲੇ ਦੇਸ਼ ਭਗਤ ਸਨ, ਜੋ ਆਪਣੇ ਨਿੱਜ ਨਾਲੋਂ ਦੇਸ਼ ਕੌਮ ਦੇ ਹਿੱਤਾਂ ਨੂੰ ਜ਼ਿਆਦਾ ਉਤਮ ਸਮਝਦੇ ਸਨ। ਉਨ੍ਹਾਂ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ - ''ਮੇਰੀ ਜਵਾਨੀ ਮੇਰੇ ਦੇਸ਼ ਦੀ ਮਿੱਟੀ ਤੇ ਉਸ ਦੇ ਅੰਨ-ਜਲ ਤੋਂ ਹੀ ਬਣੀ ਹੈ, ਜੋ ਮੇਰੇ ਦੇਸ਼ ਦੀ ਅਮਾਨਤ ਹੈ। ਮੈਂ ਆਪਣੀ ਜਵਾਨੀ ਨੂੰ ਬਚਾ ਕੇ ਰੱਖਣ ਲਈ ਆਪਣੇ ਦੇਸ਼ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਮੇਰਾ ਖੂਨ ਭਾਰਤ ਵਾਸੀਆਂ ਨੂੰ ਇਨਕਲਾਬ ਲਈ ਪ੍ਰੇਰਦਾ ਰਹੇਗਾ ਅਤੇ ਅੰਗਰੇਜ਼ ਸਾਮਰਾਜ ਦੀ ਕਬਰ 'ਤੇ ਆਜ਼ਾਦ ਭਾਰਤ ਦਾ ਝੰਡਾ ਗੱਡੇਗਾ।'' 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਸ਼ਹਿਰ 'ਚ ਜਨਮ ਲੈਣ ਵਾਲੇ ਸ. ਊਧਮ ਸਿੰਘ ਜੀ ਜਦੋਂ 5 ਸਾਲ ਦੇ ਸਨ ਤਾਂ ਉਨ੍ਹਾਂ ਦੇ ਮਾਤਾ ਨਾਰਾਇਣ ਕੌਰ ਜੀ ਸਵਰਗ ਸਿਧਾਰ ਗਏ ਸਨ ਅਤੇ ਫਿਰ 3 ਸਾਲ ਬਾਅਦ ਪਿਤਾ ਟਹਿਲ ਸਿੰਘ ਜੀ ਵੀ। ਯਤੀਮ ਹੋਣ ਕਾਰਨ ਊਧਮ ਸਿੰਘ ਜੀ ਤੇ ਉਨ੍ਹਾਂ ਦੇ ਛੋਟੇ ਭਰਾ ਸਾਧੂ ਸਿੰਘ ਨੂੰ ਪਰਵਰਿਸ਼ ਤੇ ਪੜ੍ਹਾਈ ਲਈ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਯਤੀਮਖਾਨੇ 'ਚ ਰਹਿਣਾ ਪਿਆ ਸੀ, ਜਿਥੇ ਉਨ੍ਹਾਂ ਦੇ ਵੱਡੇ ਭਰਾ ਦੀ 1916 'ਚ ਮੌਤ ਹੋ ਗਈ ਸੀ। ਭਰਾ ਦੀ ਮੌਤ ਤੋਂ ਬਾਅਦ ਊਧਮ ਸਿੰਘ ਜੀ ਭਾਵੇਂ ਪੂਰੀ ਤਰ੍ਹਾਂ ਯਤੀਮ ਹੋ ਗਏ ਸਨ ਪਰ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਅਤੇ ਨਾ ਹੀ ਉਨ੍ਹਾਂ ਦੇਸ਼ ਭਗਤੀ ਵਾਲੀ ਭਾਵਨਾ ਨੂੰ ਫਿੱਕਾ ਪੈਣ ਦਿੱਤਾ। ਊਧਮ ਸਿੰਘ ਜੀ ਦੇ ਮਨ 'ਚ ਦੇਸ਼ ਭਗਤੀ ਦੀ ਸੁਲਗਦੀ ਚੰਗਿਆੜੀ ਨੇ ਭਾਂਬੜ ਦਾ ਰੂਪ ਉਦੋਂ ਧਾਰਨ ਕਰ ਕੀਤਾ, ਜਦੋਂ ਉਨ੍ਹਾਂ ਨੇ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦਾ ਖੂਨੀ ਕਾਂਡ ਆਪਣੀਆਂ ਅੱਖਾਂ ਸਾਹਮਣੇ ਵੇਖਿਆ। ਇਸ ਖੂਨੀ ਕਾਂਡ 'ਚ ਸ਼ਹੀਦ ਹੋਏ ਬੇਦੋਸ਼ੇ ਭਾਰਤੀ ਵਾਸੀ ਸ਼ਹੀਦਾਂ ਦੀ ਲਹੂ ਭਿੱਜੀ ਮਿੱਟੀ ਦੀ ਕਸਮ ਖਾ ਕੇ ਉਨ੍ਹਾਂ ਨੇ ਇਸ ਜ਼ੁਲਮ ਦਾ ਬਦਲਾ ਲੈਣ ਦੀ ਪ੍ਰਤਿੱਗਿਆ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਯਤੀਮਪੁਣੇ ਨੂੰ ਰੋੜਾ ਨਹੀਂ ਬਣਨ ਦਿੱਤਾ।

ਇਸ ਪ੍ਰਤਿੱਗਿਆ ਦੀ ਪੂਰਤੀ ਲਈ ਵਿਦੇਸ਼ਾਂ 'ਚ ਵੱਖ-ਵੱਖ ਪੜਾਵਾਂ ਰਾਹੀਂ ਸੰਘਰਸ਼ ਕਰਦੇ ਹੋਏ ਅਖੀਰ 21 ਸਾਲ ਬਾਅਦ 13 ਮਾਰਚ 1940 ਨੂੰ ਇਸ ਖੂਨੀ ਕਾਂਡ ਦੇ ਮੁੱਖ ਦੋਸ਼ੀ ਮਾਈਕਲ ਓਡਵਾਇਰ ਨੂੰ ਮਾਰ ਮੁਕਾਇਆ, ਜਿਸ ਕਾਰਨ ਉਨ੍ਹਾਂ ਨੂੰ 31 ਜੁਲਾਈ 1940 ਨੂੰ ਫਾਂਸੀ ਦੇ ਤਖਤੇ 'ਤੇ ਲਟਕਾ ਦਿੱਤਾ । ਇਥੇ ਇਹ ਵੀ ਵਿਚਾਰਨ ਵਾਲਾ ਵਿਸ਼ਾ ਹੈ ਕਿ ਯਤੀਮਖਾਨੇ ਦੇ ਹੋਰ ਲੜਕਿਆਂ ਦੇ ਨਾਲ ਊਧਮ ਸਿੰਘ ਜੀ ਦੀ ਡਿਊਟੀ ਵੀ ਜਲਿਆਂਵਾਲਾ ਬਾਗ 'ਚ ਲੱਗੀ ਹੋਈ ਸੀ। ਉਨ੍ਹਾਂ ਦੇ ਮਨ 'ਚ ਹੀ ਕਿਉਂ ਕ੍ਰਾਂਤੀ ਦੀ ਲਹਿਰ ਪੈਦਾ ਹੋਈ, ਬਾਕੀ ਨੌਜਵਾਨਾਂ ਦੇ ਮਨ 'ਚ ਕਿਉਂ ਪੈਦਾ ਨਹੀਂ ਹੋਈ। ਕ੍ਰਾਂਤੀ ਦੀ ਇਸੇ ਲਹਿਰ ਕਾਰਨ ਉਨ੍ਹਾਂ ਨੇ ਆਪਣੇ ਦੇਸ਼ ਲਈ ਇੰਨੀ ਵੱਡੀ ਕੁਰਬਾਨੀ ਦੇ ਦਿੱਤੀ। ਇਨ੍ਹਾਂ ਸਭਨਾਂ ਤੱਥਾਂ ਨੂੰ ਵਾਚਦੇ ਹੋਏ ਸਾਨੂੰ ਊਧਮ ਸਿੰਘ ਜੀ ਨੂੰ ਭਾਰਤ ਦੇ ਆਜ਼ਾਦੀ ਸੰਗ੍ਰਾਮ ਦੀਆਂ ਸ਼ਹਾਦਤਾਂ ਦਾ ਮਹਾਨਾਇਕ ਕਹਿਣਾ ਚਾਹੀਦਾ ਹੈ।


ਦਲਬੀਰ ਸਿੰਘ ਧਾਲੀਵਾਲ
(99155-21037)


author

rajwinder kaur

Content Editor

Related News