ਪੁਲਸ ਵੱਲੋਂ ਸਰਬੱਤ ਖਾਲਸਾ ਦੇ ਆਯੋਜਕਾਂ ਦੇ ਘਰਾਂ ਦੀ ਘੇਰਾਬੰਦੀ
Friday, Jun 24, 2016 - 11:38 AM (IST)
ਬਠਿੰਡਾ (ਸਤਿੰਦਰ)— ਸਰਬੱਤ ਖਾਲਸਾ ਦੇ ਆਗੂਆਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ''ਚ ਆਪਣਾ ਦਫਤਰ ਖੋਲ੍ਹਣ ਦੇ ਮਾਮਲੇ ਨੂੰ ਲੈ ਕੇ ਪੁਲਸ ਨੇ ਸਵੇਰੇ ਹੀ ਵੱਖ-ਵੱਖ ਸਿੱਖ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ। ਘੇਰਾਬੰਦੀ ਸ਼ਾਮ ਤੱਕ ਜਾਰੀ ਰਹੀ, ਜਿਸ ਨਾਲ ਮਾਹੌਲ ਤਣਾਅਪੂਰਨ ਬਣਿਆ ਰਿਹਾ।
ਜ਼ਿਕਰਯੋਗ ਹੈ ਕਿ 23 ਜੂਨ ਨੂੰ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਿਯੁਕਤ ਕੀਤੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਸਰਬੱਤ ਖਾਲਸਾ ਦੇ ਮੈਂਬਰਾਂ ਨੇ ਤਲਵੰਡੀ ਸਾਬੋ ''ਚ ਆਪਣਾ ਇਕ ਦਫਤਰ ਖੋਲ੍ਹਣ ਦਾ ਐਲਾਨ ਕੀਤਾ ਸੀ ਤਾਂ ਕਿ ਇਸ ਨਾਲ ਪ੍ਰਚਾਰ-ਪਸਾਰ ਤੋਂ ਇਲਾਵਾ ਹੋਰ ਪ੍ਰਬੰਧ ਚਲਾਏ ਜਾ ਸਕਣ। ਇਸ ਐਲਾਨ ਨੂੰ ਦੇਖਦੇ ਹੋਏ ਪੁਲਸ ਹੁਸ਼ਿਆਰ ਹੋ ਗਈ। ਪੁਲਸ ਨੇ ਸਵੇਰੇ ਹੀ ਸਰਬੱਤ ਖਾਲਸਾ ਦੇ ਮੈਂਬਰਾਂ ''ਚ ਸ਼ਾਮਲ ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਤੇ ਸ਼ੀਅਦ (ਅ) ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦੇ ਘਰਾਂ ਦੀ ਘੇਰਾਬੰਦੀ ਕਰ ਲਈ। ਗੁਰਦੀਪ ਸਿੰਘ ਬਠਿੰਡਾ ਰਾਤ ਨੂੰ ਹੀ ਘਰੋਂ ਨਿਕਲ ਗਏ ਸਨ ਪਰ ਇਸ ਦੇ ਬਾਵਜੂਦ ਪੂਰਾ ਦਿਨ ਉਨ੍ਹਾਂ ਦੇ ਘਰ ਦੇ ਬਾਹਰ ਪੁਲਸ ਦਾ ਪਹਿਰਾ ਰਿਹਾ। ਇਸ ਤੋਂ ਇਲਾਵਾ ਪੁਲਸ ਨੇ ਪਰਮਿੰਦਰ ਸਿੰਘ ਬਾਲਿਆਂਵਾਲੀ ਨੂੰ ਵੀ ਪੂਰਾ ਦਿਨ ਘਰ ''ਚ ਨਜ਼ਰਬੰਦ ਰੱਖਿਆ। ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਇਸ਼ਾਰਿਆਂ ''ਤੇ ਪੁਲਸ ਪ੍ਰਸ਼ਾਸਨ ਸਿੱਖ ਕੌਮ ਦੇ ਕੰਮਾਂ ''ਚ ਦਖਲਅੰਦਾਜ਼ੀ ਕਰ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।