ਸਾਰਾਗੜ੍ਹੀ ਸਰਾਂ ਦੇ ਸਫਾਈ ਪ੍ਰਬੰਧਾਂ ਦੀ ਆੜ ''ਚ ਗੁਰੂ ਦੀ ਗੋਲਕ ''ਚੋਂ ਕੀਤਾ ਜਾ ਰਿਹੈ ਵੱਡੀ ਰਕਮ ਦਾ ਭੁਗਤਾਨ

07/16/2019 1:34:22 AM

ਅੰਮ੍ਰਿਤਸਰ,(ਛੀਨਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਵਾਸਤੇ ਬਣਾਈ ਗਈ ਅਲੀਸ਼ਾਨ ਸਾਰਾਗੜ੍ਹੀ ਸਰਾਂ 'ਚ ਸਾਫ-ਸਫਾਈ ਦੀ ਆੜ 'ਚ ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਤੇ ਕੁਝ ਅਹੁਦੇਦਾਰਾਂ ਵੱਲੋਂ ਗੁਰੂ ਦੀ ਗੋਲਕ ਨੂੰ ਲੁੱਟਣ ਦਾ ਕੰਮ ਬਾਦਸਤੂਰ ਲਗਾਤਾਰ ਜਾਰੀ ਹੈ। ਇਹ ਖੁਲਾਸਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਸਰਾਂ 'ਚ ਸਾਫ-ਸਫਾਈ ਦਾ ਕੰਮ 27 ਅਪ੍ਰੈਲ 2017 ਨੂੰ 3 ਮਹੀਨਿਆਂ ਵਾਸਤੇ ਇਕ ਪ੍ਰਾਈਵੇਟ ਕੰਪਨੀ ਦੇ ਹੱਥਾਂ 'ਚ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਅੱਜ ਤੱਕ ਦੁਬਾਰਾ ਕਦੇ ਟੈਂਡਰ ਹੀ ਨਹੀਂ ਲਾਏ ਗਏ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਸਰਾਂ 'ਚ 238 ਕਮਰੇ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਰੇਕ ਕਮਰੇ ਦੀ ਸਾਫ-ਸਫਾਈ ਲਈ ਉਕਤ ਕੰਪਨੀ ਨੂੰ ਰੋਜ਼ਾਨਾ 200 ਰੁਪਏ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾ ਰਿਹਾ ਤੇ ਜਨਰਲ ਬਾਥਰੂਮ ਸਾਫ ਕਰਨ ਦਾ 25 ਹਜ਼ਾਰ ਰੁਪਏ ਹਰ ਮਹੀਨੇ ਵੱਖਰਾ ਦਿੱਤਾ ਜਾਂਦਾ ਹੈ, ਜਦਕਿ ਕੁਝ ਹੋਰ ਕੰਪਨੀਆਂ ਇਸ ਨਾਲੋਂ ਬਹੁਤ ਘੱਟ ਰੇਟ 'ਤੇ ਸਫਾਈ ਦਾ ਕੰਮ ਲੈਣ ਨੂੰ ਤਿਆਰ ਹਨ, ਜਿਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹੁਣ ਤੱਕ ਕਈ ਵਾਰ ਚਿੱਠੀਆਂ ਵੀ ਲਿਖੀਆਂ ਜਾ ਚੁੱਕੀਆਂ ਹਨ ਪਰ ਉਸ ਦੇ ਬਾਵਜੂਦ ਨਵੇਂ ਟੈਂਡਰ ਨਾ ਲਾ ਕੇ ਸ੍ਰੀ ਗੁਰੂ ਰਾਮਦਾਸ ਜੀ ਦੀ ਗੋਲਕ ਦੀ ਵੱਡੇ ਪੱਧਰ 'ਤੇ ਲੁੱਟ-ਖਸੁੱਟ ਕੀਤੀ ਜਾ ਰਹੀ ਹੈ।

PunjabKesari

ਮੰਨਾ ਨੇ ਕਿਹਾ ਕਿ 14 ਦਸੰਬਰ 2018 ਨੂੰ ਸ਼੍ਰੋਮਣੀ ਕਮੇਟੀ ਨੇ ਸਾਰਾਗੜ੍ਹੀ ਸਰਾਂ ਦੀ ਸਾਫ-ਸਫਾਈ ਦੇ ਕੰਮ ਸਬੰਧੀ ਨਵੇਂ ਟੈਂਡਰ ਲੈਣ ਵਾਸਤੇ ਇਕ ਸਬ-ਕਮੇਟੀ ਦਾ ਗਠਨ ਕੀਤਾ ਸੀ, ਜਿਸ ਵੱਲੋਂ ਲੋਕਾਂ ਨੂੰ ਭੁਲੇਖਾ ਪਾਉਣ ਲਈ ਹੁਣ ਤੱਕ ਨਵੇਂ ਟੈਂਡਰ ਖੋਲ੍ਹਣ ਲਈ ਕਈ ਵਾਰ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ ਪਰ ਹਰ ਵਾਰ ਟੈਂਡਰ ਖੋਲ੍ਹਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਸਰਾਂ ਨੂੰ ਤਿਆਰ ਕਰਨ ਮੌਕੇ ਦਾ ਫਰਨੀਚਰ, ਦਰਵਾਜ਼ਿਆਂ ਦੇ ਲਾਕ ਤੇ ਹੋਰ ਵਰਤਿਆ ਗਿਆ ਸਾਰਾ ਸਾਮਾਨ ਇਕ ਸਾਜ਼ਿਸ਼ ਤਹਿਤ ਚੀਨ ਤੋਂ 4 ਕਰੋੜ ਰੁਪਏ 'ਚ ਲਿਆਂਦਾ ਗਿਆ ਹੈ, ਜਿਸ ਨੂੰ ਲਿਆਉਣ ਲਈ ਵੀ ਸਵਾ ਕਰੋੜ ਰੁਪਏ ਕਸਟਮ ਡਿਊਟੀ ਭਰੀ ਗਈ ਹੈ ਅਤੇ ਇਸ ਸਾਮਾਨ ਦੀ ਕੋਈ ਵੀ ਗਾਰੰਟੀ ਅਤੇ ਵਰੰਟੀ ਨਹੀਂ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਭਾਰਤ 'ਚੋਂ ਵਧੀਆ ਤੋਂ ਵਧੀਆ ਸਾਮਾਨ ਮਿਲ ਰਿਹਾ ਹੈ ਤਾਂ ਫਿਰ ਚੀਨ ਤੋਂ ਸਾਮਾਨ ਲਿਆਉਣ ਦੀ ਕੀ ਲੋੜ ਪੈ ਗਈ। ਅਸਲ 'ਚ ਇਹ ਸਾਮਾਨ ਖਰੀਦਣ 'ਚ ਵੀ ਵੱਡੇ ਪੱਧਰ 'ਤੇ ਧਾਂਦਲੀ ਹੋਈ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਨਵੇਂ ਟੈਂਡਰ 2-4 ਦਿਨਾਂ 'ਚ ਖੋਲ੍ਹ ਦਿੱਤੇ ਜਾਣਗੇ : ਦੀਨਪੁਰ
ਇਸ ਸਬੰਧ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲਬਾਤ ਕਰਨ ਲਈ ਕਈ ਵਾਰ ਸੰਪਰਕ ਕੀਤਾ ਗਿਆ ਪਰ ਫੋਨ ਬੰਦ ਹੋਣ ਕਾਰਣ ਉਨ੍ਹਾਂ ਨਾਲ ਗੱਲ ਨਾ ਹੋ ਸਕੀ ਪਰ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਵੇਂ ਟੈਂਡਰ ਖੋਲ੍ਹਣ ਦੀਆਂ ਸਭ ਤਿਆਰੀਆਂ ਹੋ ਚੁੱਕੀਆਂ ਹਨ ਤੇ 2-4 ਦਿਨਾਂ 'ਚ ਹੀ ਪੂਰੇ ਪਾਰਦਰਸ਼ੀ ਢੰਗ ਨਾਲ ਸਾਰਾਗੜ੍ਹੀ ਸਰਾਂ ਦੀ ਸਫਾਈ ਦਾ ਕੰਮ ਅਲਾਟ ਕਰ ਦਿੱਤਾ ਜਾਵੇਗਾ। ਸਾਰਾਗੜ੍ਹੀ ਸਰਾਂ ਨੂੰ ਤਿਆਰ ਕਰਨ ਵੇਲੇ ਸਾਰਾ ਸਾਮਾਨ ਚੀਨ ਤੋਂ ਮੰਗਵਾਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਮੈਂ ਉਦੋਂ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਨਹੀਂ ਸੀ, ਬਾਕੀ ਇਸ ਮਾਮਲੇ ਦੀ ਪੜਤਾਲ ਕਰਵਾ ਲਈ ਜਾਵੇਗੀ।


Related News