ਸਰਾਂ ''ਚ ਕਮਰਾ ਬੁੱਕ ਕਰਵਾਉਣ ਦੇ ਨਾਂ ''ਤੇ ਨੌਸਰਬਾਜ਼ ਨੇ ਸ਼ਰਧਾਲੂਆਂ ਨਾਲ ਮਾਰੀ ਠੱਗੀ, ਨਹੀਂ ਹੋ ਰਹੀ ਕੋਈ ਕਾਰਵਾਈ
Wednesday, Jun 29, 2022 - 10:54 AM (IST)
ਅੰਮ੍ਰਿਤਸਰ (ਸਰਬਜੀਤ) - ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚਲ ਰਹੀ ਸਾਰਾਗੜ੍ਹੀ ਸਰਾਂ 'ਚ ਕਮਰੇ ਬੁੱਕ ਕਰਵਾਉਣ ਦੇ ਨਾਂਅ 'ਤੇ ਪਿਛਲੇ ਕੁਝ ਦਿਨਾਂ ਤੋਂ ਕਿਸੇ ਨੌਸਰਬਾਜ਼ ਵਲੋਂ ਵੈੱਬਸਾਈਟ ਤਿਆਰ ਕਰ ਕੇ ਸ਼ਰਧਾਲੂਆਂ ਨਾਲ ਠੱਗੀ ਮਾਰਨ ਦਾ ਸਿਲਸਿਲਾ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਇਹ ਮਾਮਲਾ ਸਾਹਮਣੇ ਆਉਣ ਉਪਰੰਤ ਇਸ ਸੰਬੰਧ 'ਚ ਪੁਲਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸਦੇ ਬਾਵਜੂਦ ਇਹ ਸਿਲਸਿਲਾ ਉਸੇ ਤਰ੍ਹਾਂ ਅਜੇ ਤੱਕ ਚੱਲ ਰਿਹਾ ਹੈ।
ਇਸ ਸੰਬੰਧੀ ਜਦੋਂ ਮੈਨੇਜਰ ਸਰਾਵਾਂ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਾਗੜ੍ਹੀ ਸਰਾਅ 'ਚ ਕਮਰੇ ਬੁੱਕ ਕਰਨ ਲਈ ਕਿਸੇ ਨੌਸਰਬਾਜ਼ ਵਲੋਂ ਆਪਣੀ ਵੈਬਸਾਈਟ ਬਣਾਈ ਗਈ ਹੈ। ਉਸ ਵਲੋਂ ਸ਼ਰਧਾਲੂਆਂ ਕੋਲੋ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਰਾਗੜ੍ਹੀ ਸਰਾਂ ਵਿਚ ਕਮਰੇ ਦੀ ਬੁਕਿੰਗ ਕਰਵਾਉਣ ਬਦਲੇ ਐਡਵਾਂਸ ਦੇ ਨਾਂ 'ਤੇ ਅਧਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ। ਇੱਥੇ ਉਸ ਦੇ ਕਿਸੇ ਵੀ ਕਮਰੇ ਦੀ ਬੁਕਿੰਗ ਨਹੀਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਰਾਰਤੀ ਅਨਸਰ ਵੱਲੋਂ ਸ਼ਰਧਾਲੂਆਂ ਨੂੰ ਆਏ ਦਿਨ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ ਦਿੱਲੀ ਤੋਂ ਤਿਲਕ ਨਗਰ ਇਲਾਕੇ ਦੇ ਇਕ ਹੋਰ ਸ਼ਰਧਾਲੂ ਆਪਣੇ ਪਰਿਵਾਰ ਨਾਲ ਇੱਥੇ ਆਇਆ, ਜਿਸ ਤੋਂ ਉਕਤ ਵਿਅਕਤੀ ਨੇ ਕਮਰੇ ਦੀ ਬੁਕਿੰਗ ਦੇ ਨਾਂ 'ਤੇ ਪੈਸੇ ਠੱਗੇ। ਮੈਨੇਜਰ ਸਰਾਵਾਂ ਨੇ ਅੱਗੇ ਦੱਸਿਆ ਕਿ ਇਸ ਸੰਬੰਧ 'ਚ ਉਨ੍ਹਾਂ ਵਲੋਂ ਪੁਲਸ ਨੂੰ ਪਹਿਲਾਂ ਹੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਪੁਲਸ ਅਨੁਸਾਰ ਠੱਗੀ ਮਾਰਨ ਵਾਲੇ ਦਾ ਨੰਬਰ ਬਾਹਰੀ ਸੂਬੇ ਦਾ ਹੋਣ ਕਰ ਕੇ ਉਸ ਦੀ ਪੜਤਾਲ 'ਚ ਦੇਰੀ ਲੱਗ ਰਹੀ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਸੰਗਤਾਂ ਨੂੰ ਅਜਿਹੀ ਠੱਗੀ ਤੋਂ ਬਚਾਉਣ ਦੀ ਗਲ ਤਾਂ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਵਲੋਂ ਕੋਈ ਸਖ਼ਤ ਕਦਮ ਨਹੀਂ ਉਠਾਏ ਜਾ ਰਹੇ ਹਨ। ਠੱਗੀ ਕਰਨ ਵਾਲੇ ਆਨਲਾਇਨ ਕਮਰੇ ਬੁੱਕ ਕਰਨ ਦੇ ਨਾਮ ’ਤੇ ਆਪਣੀ ਠੱਗੀ ਠੌਰੀ ਦੀ ਦੁਕਾਨ ਨੂੰ ਚਲਾਉਂਦੇ ਹੋਏ ਸਾਰਾਗੜੀ ਸਰਾ ਦੇ ਨਾਮ ’ਤੇ ਭੌਲੀ ਭਾਲੀ ਸੰਗਤ ਨੂੰ ਗੁਮਰਾਹ ਕਰ ਰਹੇ ਹਨ। ਜੇਕਰ ਇਨ੍ਹਾਂ ਨੌਸਰਬਾਜ਼ਾਂ ਦੇ ਹੌਸਲੇ ਬੁਲੰਦ ਹੋ ਕੇ ਅਜਿਹਾ ਚਲਦਾ ਰਿਹਾ ਤਾਂ ਦੇਸ਼ਾਂ-ਵਿਦੇਸ਼ਾਂ ਵਿਚ ਬੈਠੀਆਂ ਨਾਨਕ ਨਾਮ ਲੇਵਾ ਸੰਗਤਾ ਤੱਕ ਗਲਤ ਸੰਦੇਸ਼ ਪਹੁੰਚ ਜਾਵੇਗਾ।