''ਸਰਬਤ ਦਾ ਭਲਾ'' ਐਕਸਪ੍ਰੈਸ ਨਾਲ ਗੁਰੂ ਸਾਹਿਬਾਨ ਦਾ ਸੰਦੇਸ਼ ਦੂਰ-ਦੁਰਾਡੇ ਪਹੁੰਚੇਗਾ : ਹਰਸਿਮਰਤ

Thursday, Oct 03, 2019 - 10:43 PM (IST)

''ਸਰਬਤ ਦਾ ਭਲਾ'' ਐਕਸਪ੍ਰੈਸ ਨਾਲ ਗੁਰੂ ਸਾਹਿਬਾਨ ਦਾ ਸੰਦੇਸ਼ ਦੂਰ-ਦੁਰਾਡੇ ਪਹੁੰਚੇਗਾ : ਹਰਸਿਮਰਤ

ਚੰਡੀਗੜ੍ਹ,(ਅਸ਼ਵਨੀ): ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜ਼ਲੀ ਵਜੋਂ ਨਿਊ ਦਿੱਲੀ-ਲੋਹੀਆਂ ਖਾਸ-ਨਿਊ ਦਿੱਲੀ ਇੰਟਰਸਿਟੀ ਐਕਸਪ੍ਰੈਸ ਦਾ ਬਦਲ ਕੇ 'ਸਰਬਤ ਦਾ ਭਲਾ ਐਕਸਪ੍ਰੈਸ' ਰੱਖਣ ਲਈ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਧੰਨਵਾਦ ਕੀਤਾ ਹੈ। ਕੇਂਦਰੀ ਮੰਤਰੀ ਨੇ ਗੁਰੂ ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਲਈ ਇਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਅਤੇ ਸੁਝਾਅ ਦਿੱਤਾ ਸੀ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਦਾ ਨਾਂ 'ਸਰਬਤ ਦਾ ਭਲਾ ਐਕਸਪ੍ਰੈਸ' ਰੱਖਿਆ ਜਾਵੇ।

ਆਪਣੀ ਬੇਨਤੀ ਸਵੀਕਾਰ ਕਰਨ ਲਈ ਮੰਤਰੀ ਦਾ ਧੰਨਵਾਦ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਸਰਬਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਹੈ ਅਤੇ ਰੇਲ ਗੱਡੀ ਦਾ ਇਹ ਨਾਂ ਰੱਖਣ ਨਾਲ ਗੁਰੂ ਸਾਹਿਬ ਦਾ ਸੰਦੇਸ਼ ਹੋਰ ਵੀ ਦੂਰ-ਦੁਰਾਡੇ ਤੱਕ ਫੈਲੇਗਾ। ਹਰਸਿਮਰਤ ਨੇ ਕਿਹਾ ਕਿ ਉਹ ਕੱਲ੍ਹ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਸ ਰੇਲ ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨਗੇ, ਜਿਸ ਤੋਂ ਬਾਅਦ ਰਸਤੇ 'ਚ ਪੈਂਦੇ ਵੱਖ-ਵੱਖ ਸਟੇਸ਼ਨਾਂ 'ਤੇ ਗੱਡੀ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਗੱਡੀ ਕੱਲ੍ਹ ਸ਼ਾਮੀਂ 2:38 ਵਜੇ ਸੁਲਤਾਨਪੁਰ ਲੋਧੀ ਪਹੁੰਚੇਗੀ, ਜਿੱਥੇ ਸਿੱਖ ਸੰਗਤ ਵਲੋਂ ਇਸ ਦਾ ਰਵਾਇਤੀ ਸਵਾਗਤ ਕੀਤਾ ਜਾਵੇਗਾ।

 


Related News