ਜਾਣੋ ਕੀ ਹੈ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਦਾ ਪਿਛੋਕੜ

Wednesday, Apr 03, 2019 - 12:41 PM (IST)

ਜਾਣੋ ਕੀ ਹੈ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਦਾ ਪਿਛੋਕੜ

ਜਲੰਧਰ— ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਇਕ ਹੋਰ ਮੌਕਾ ਦਿੰਦੇ ਹੋਏ ਹਲਕਾ ਜਲੰਧਰ ਲੋਕ ਸੀਟ 'ਤੇ ਉਮੀਦਵਾਰ ਐਲਾਨਿਆ ਗਿਆ ਹੈ। ਸੰਤੋਖ ਸਿੰਘ ਚੌਧਰੀ ਦਾ ਸਿੱਧਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨਾਲ ਹੋਣ ਵਾਲਾ ਹੈ। ਪਿਛਲੀ ਵਾਰ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਸੀ। ਸੰਤੋਖ ਸਿੰਘ ਚੌਧਰੀ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਪਹਿਲੀ ਵਾਰ 1992 'ਚ ਫਿਲੌਰ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਅਤੇ ਦੂਜੀ ਵਾਰ ਵੀ ਫਿਲੌਰ ਤੋਂ 2002 'ਚ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ। 
ਸੰਤੋਖ ਸਿੰਘ ਚੌਧਰੀ ਨੂੰ ਵਿਰਾਸਤ 'ਚ ਮਿਲੀ ਸਿਆਸਤ 
ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਨਕੋਦਰ ਵਿਖੇ ਪਿੰਡ ਧਾਲੀਵਾਲ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਮਾਸਟਰ ਗੁਰਬੰਤਾ ਸਿੰਘ ਅਤੇ ਮਾਤਾ ਦਾ ਨਾਂ ਸੰਪੂਰਨ ਕੌਰ ਹੈ। ਸੰਤੋਖ ਸਿੰਘ ਚੌਧਰੀ ਨੇ ਬੀ. ਏ. ਅਤੇ ਐੱਲ. ਐੱਲ. ਬੀ ਦੀ ਪੜ੍ਹਾਈ ਕੀਤੀ ਹੋਈ ਹੈ। ਪੇਸ਼ੇ ਤੋਂ ਕ੍ਰਿਮੀਨਲ ਵਕੀਲ ਚੌਧਰੀ ਸੰਤੋਖ ਸਿਘ ਨੂੰ ਸਿਆਸਤ ਵਿਰਾਸਤ 'ਚ ਮਿਲੀ। ਇਨ੍ਹਾਂ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਦਲਿਤ ਲੀਡਰ ਰਹੇ ਹਨ, ਜੋ ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਮੰਤਰੀ ਰਹੇ। ਉਥੇ ਹੀ ਸੰਤੋਖ ਸਿੰਘ ਚੌਧਰੀ ਦੇ ਵੱਡੇ ਭਰਾ ਜਗਜੀਤ ਸਿੰਘ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਰੂਪ 'ਚ ਵੱਡੇ ਦਲਿਤ ਚਿਹਰੇ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ। 
ਕੀ ਹੈ ਸੰਤੋਖ ਸਿੰਘ ਚੌਧਰੀ ਦਾ ਸਿਆਸੀ ਪਿਛੋਕੜ
ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ 1978 'ਚ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰੈਸੀਡੈਂਟ ਦੇ ਰੂਪ 'ਚ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਸੀ। ਪਰਿਵਾਰਕ ਸੀਟ ਕਰਤਾਰਪੁਰ ਤੋਂ ਵੱਡੇ ਭਰਾ ਦੇ ਸਰਗਰਮ ਹੋਣ ਕਾਰਨ ਫਿਲੌਰ (ਰਿਜ਼ਰਵ) ਵਿਧਾਨ ਸਭਾ ਹਲਕਾ 'ਚ ਆਪਣੀ ਸਿਆਸੀ ਜਮੀਨ ਤਿਆਰ ਕੀਤੀ। ਸੰਤੋਖ ਚੌਧਰੀ ਸਾਲ 1992 ਤੋਂ 1997 ਤੱਕ ਫਿਲੌਰ ਹਲਕੇ ਤੋਂ ਵਿਧਾਇਕ ਰਹੇ। ਇਨ੍ਹਾਂ ਚੋਣਾਂ ਦੌਰਾਨ ਬਸਪਾ ਦੇ ਦੇਵ ਰਾਜ ਸੰਧੂ ਨੂੰ ਹਰਾਇਆ ਸੀ। ਸਾਲ 1992 ਤੋਂ 1995 ਤੱਕ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਰਹੇ। ਫਿਰ ਸਿਹਤ ਮੰਤਰਾਲੇ ਦੇ ਸੂਬਾ ਮੰਤਰੀ ਬਣੇ ਅਤੇ ਕੈਬਨਿਟ ਮੰਤਰੀ ਰਹੇ। 
ਸੰਤੋਖ ਸਿੰਘ ਚੌਧਰੀ 1997 'ਚ ਫਿਲੌਰ ਹਲਕੇ 'ਚ ਅਕਾਲੀ ਦਲ ਦੇ ਸਰਵਨ ਸਿੰਘ ਫਿਲੌਰ ਤੋਂ ਚੋਣ ਹਾਰ ਗਏ। 
ਚੌਧਰੀ ਸਾਲ 1997-1998 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। 

PunjabKesari
ਸਾਲ 2002 ਤੋਂ 2007 ਤੱਕ ਸੰਤੋਖ ਸਿੰਘ ਚੌਧਰੀ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਮੈਡੀਕਲ ਐਜੂਕੇਸ਼ਨ ਮੰਤਰਾਲਾ ਦੇ ਕੈਬਨਿਟ ਮੰਤਰੀ ਰਹੇ। ਫਿਰ ਸਾਲ 2012 'ਚ ਫਿਲੌਰ ਹਲਕੇ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ ਨਾਲ ਨਜ਼ਦੀਕੀ ਮੁਕਾਬਲੇ 'ਚ 31 ਵੋਟਾਂ ਦੇ ਅੰਤਰ ਨਾਲ ਹਾਰੇ। 
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਦਾ ਮੁਕਾਬਲਾ ਸਿੱਧੇ ਤੌਰ 'ਤੇ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨਾਲ ਸੀ। ਇਨ੍ਹਾਂ ਚੋਣਾਂ ਦੌਰਾਨ ਸੰਤੋਖ ਸਿੰਘ ਚੌਧਰੀ ਕਰੀਬ ਪਵਨ ਟੀਨੂੰ ਤੋਂ 71 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਸੰਤੋਖ ਸਿੰਘ ਚੌਧਰੀ ਨੂੰ 380479 (33.56ਫੀਸਦੀ) ਵੋਟਾਂ ਪਈਆਂ ਜਦਕਿ ਪਵਨ ਕੁਮਾਰ ਟੀਨੂੰ ਨੂੰ 309498 (29.74 ਫੀਸਦੀ) ਵੋਟਾਂ ਪਈਆਂ ਸਨ।
ਸਟਿੰਗ ਆਪਰੇਸ਼ਨ ਦੇ ਸਾਹਮਣੇ ਆਉਣ 'ਤੇ ਰਹੇ ਚਰਚਾ 'ਚ
ਹਾਲ ਹੀ 'ਚ ਭ੍ਰਿਸ਼ਟਾਚਾਰ ਸਬੰਧੀ ਸੰਤੋਖ ਸਿੰਘ ਚੌਧਰੀ ਦਾ ਨਿੱਜੀ ਚੈਨਲ 'ਤੇ ਦਿਖਾਏ ਗਏ ਸਟਿੰਗ ਆਪਰੇਸ਼ਨ ਦੇ ਕਾਰਨ ਕਾਫੀ ਚਰਚਾ 'ਚ ਰਹੇ। ਵਾਇਰਲ ਹੋਈ ਵੀਡੀਓ 'ਚ ਸੰਤੋਖ ਸਿੰਘ ਚੌਧਰੀ ਨਿੱਜੀ ਚੈਨਲ ਦੇ ਰਿਪੋਰਟਰ ਦੇ ਨਾਲ ਪੈਸਿਆਂ ਦੇ ਲੈਣ-ਦੇਣ ਬਾਰੇ ਗੱਲਬਾਤ ਕਰਦੇ ਨਜ਼ਰ ਆਏ ਸਨ, ਜਿਸ ਦੇ ਕਾਰਨ ਵਿਰੋਧੀਆਂ 'ਤੇ ਨਿਸ਼ਾਨੇ 'ਤੇ ਆ ਗਏ ਸਨ। ਚੌਧਰੀ ਸੰਤੋਖ ਸਿੰਘ ਨੇ ਖੁਦ ਸਟਿੰਗ ਤੋਂ ਬਾਅਦ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਸ ਸਟਿੰਗ ਆਪਰੇਸ਼ਨ ਨੂੰ ਕੱਟ-ਵੱਢ ਕੇ ਦਿਖਾਇਆ ਗਿਆ ਹੈ, ਇਸ 'ਚ ਕੋਈ ਸੱਚਾਈ ਨਹੀਂ ਹੈ।


author

shivani attri

Content Editor

Related News