ਸੰਤੋਖ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ GST ਮੁਆਵਜ਼ੇ ਦਾ ਮੁੱਦਾ, ਜਲੰਧਰ ਲਈ ਕੀਤੀ ਇਹ ਮੰਗ
Thursday, Dec 05, 2019 - 10:49 AM (IST)

ਜਲੰਧਰ (ਧਵਨ)— ਸੰਸਦ ਮੈਂਬਰ ਸੰਤੋਖ ਚੌਧਰੀ ਨੇ ਬੀਤੇ ਦਿਨ ਲੋਕ ਸਭਾ 'ਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਬਕਾਇਆ ਜੀ. ਐੱਸ. ਟੀ. ਮੁਆਵਜ਼ੇ ਦਾ ਮੁੱਦਾ ਉਠਾਇਆ। ਜ਼ੀਰੋ ਆਵਰ 'ਚ ਬੋਲਦਿਆਂ ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਪੰਜਾਬ ਨੂੰ ਬਕਾਇਆ 4100 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਅਤੇ ਉਹ ਮੁਆਵਜ਼ਾ ਜਾਰੀ ਕਰਨ 'ਚ ਦੇਰ ਕਰਕੇ ਗੈਰ ਭਾਜਪਾ ਸ਼ਾਸਿਤ ਸੂਬਿਆਂ ਨਾਲ ਭੇਦਭਾਵ ਕਰ ਰਹੀ ਹੈ।
ਭਾਰਤ ਸਰਕਾਰ ਨੂੰ ਜੀ. ਐੱਸ ਟੀ. ਮੁਆਵਜ਼ਾ ਤੁਰੰਤ ਜਾਰੀ ਕਰਨ ਦੀ ਅਪੀਲ ਕਰਦੇ ਉਨ੍ਹਾਂ ਕਿਹਾ ਕਿ ਕਈ ਮਹੀਨੇ ਦੀ ਦੇਰ ਹੋਣ ਕਾਰਨ ਪੰਜਾਬ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਸੰਤੋਖ ਚੌਧਰੀ ਨੇ ਜਲੰਧਰ ਲਈ ਵਿਸ਼ੇਸ਼ ਹੈਵੀ ਇੰਡਸਟਰੀ ਪੈਕੇਜ ਦੀ ਮੰਗ ਉਠਾਦਿਆਂ ਸਦਨ ਅਤੇ ਸਰਕਾਰ ਨੂੰ ਦੱਸਿਆ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਉਨ੍ਹਾਂ ਦੇ ਸੰਸਦੀ ਹਲਕੇ 'ਚ ਉਦਯੋਗ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜ਼ਿਆਦਾਤਰ ਫੈਕਟਰੀਆਂ ਬੰਦ ਹੋ ਗਈਆਂ ਹਨ।
ਉਨ੍ਹਾਂ ਕਿਹਾ ਕਿ ਜਲੰਧਰ ਆਪਣੇ ਖੇਡ, ਚਮੜੇ, ਹੈਂਡਟੂਲਜ਼ ਅਤੇ ਆਟੋ ਪਾਰਟਸ ਉਦਯੋਗਾਂ ਲਈ ਦੁਨੀਆ 'ਚ ਜਾਣਿਆ ਜਾਂਦਾ ਹੈ, ਜੋ ਹੁਣ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ 'ਚ ਬਣੇ ਕ੍ਰਿਕਟ ਬੈਟ, ਹਾਕੀ ਸਟਿਕਸ, ਫੁੱਟਬਾਲ ਆਦਿ ਦੀ ਵਰਤੋਂ ਅੰਤਰਰਾਸ਼ਟਰੀ ਖਿਡਾਰੀਆਂ ਵੱਲੋਂ ਕੀਤੀ ਜਾਂਦੀ ਹੈ ਪਰ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਸੂਬੇ ਦੀਆਂ ਲਗਭਗ 25 ਹਜ਼ਾਰ ਉਦਯੋਗਿਕ ਇਕਾਈਆਂ, ਜਿਨ੍ਹਾਂ 'ਚ ਮੇਰੇ ਹਲਕੇ ਦੀਆਂ ਇਕਾਈਆਂ ਵੀ ਸ਼ਾਮਲ ਹਨ, ਬੰਦ ਹੋ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਜਲੰਧਰ ਦੇ ਉਦਯੋਗਾਂ ਨੂੰ ਮੁੜ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਇਕ ਵਿਸ਼ੇਸ਼ ਹੈਵੀ ਇੰਡਸਟ੍ਰੀਜ਼ ਪੈਕੇਜ ਦਿੱਤਾ ਜਾਵੇ।