ਟਿਕਟ ਮਿਲਣ ਤੋਂ ਬਾਅਦ ਜਲੰਧਰ ਪਹੁੰਚੇ ਸੰਤੋਖ ਚੌਧਰੀ, ਕਿਹਾ-ਕਰਾਂਗਾ ਅਧੂਰੇ ਕੰਮ ਪੂਰੇ
Thursday, Apr 04, 2019 - 04:45 PM (IST)
ਜਲੰਧਰ (ਸੋਨੂੰ)— ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਜਲੰਧਰ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਅੱਜ ਸੰਤੋਖ ਸਿੰਘ ਚੌਧਰੀ ਦਿੱਲੀ ਤੋਂ ਜਲੰਧਰ ਪਹੁੰਚੇ। ਇਸ ਮੌਕੇ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ 'ਚ ਵਰਕਰਾਂ ਅਤੇ ਨੇਤਾਵਾਂ ਨੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਪਾਰਟੀ ਵਰਕਰਾਂ ਵੱਲੋਂ ਚੌਧਰੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਹਾਈਕਮਾਂਡ ਸਾਹਮਣੇ ਆਪਣੇ ਕੀਤੇ ਗਏ ਸਾਰੇ ਕੰਮਾਂ ਨੂੰ ਰੱਖਾਂਗਾ ਅਤੇ ਜਿਹੜੇ ਕੰਮ ਮੇਰੇ ਅਧੂਰੇ ਰਹਿ ਗਏ ਹਨ, ਉਨ੍ਹਾਂ ਵੀ ਪੂਰਾ ਕਰਾਂਗਾ। ਮੈਂ ਦਲਿਤਾਂ ਸਮੇਤ ਕਿਸਾਨਾਂ ਅਤੇ ਨੌਜਵਾਨਾਂ ਦੇ ਮੁੱਦੇ ਵੀ ਉਥੇ ਰੱਖੇ ਹਨ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੇਰਾ ਜਲੰਧਰ ਲੋਕ ਸਭਾ ਸੀਟ 'ਤੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਜਲੰਧਰ 'ਚੋਂ ਕੋਈ ਉਮੀਦਵਾਰ ਨਹੀਂ ਮਿਲਿਆ ਤਾਂ ਉਹ ਬਾਹਰੋਂ ਉਮੀਦਵਾਰ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੂੰ ਕੋਈ ਚੁਣੌਤੀ ਨਹੀਂ ਮੰਨਦਾ ਅਤੇ ਮੇਰੇ ਨਾਲ ਸਾਰੀ ਕਾਂਗਰਸ ਪਾਰਟੀ ਖੜ੍ਹੀ ਹੈ।

ਦੱਸ ਦੇਈਏ ਕਿ ਕਾਂਗਰਸ ਨੇ ਆਪਣੀ ਪਹਿਲੀ ਲਿਸਟ ਜਾਰੀ ਕਰਦੇ ਹੋਏ ਚੰਡੀਗੜ੍ਹ ਸਣੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਸ 'ਚ ਚਾਰ ਮੌਜੂਦਾ ਸੰਸਦ ਮੈਂਬਰ ਹਨ। ਸੰਤੋਖ ਸਿੰਘ ਚੌਧਰੀ ਨੇ ਹੀ ਪਿਛਲੀਆਂ ਚੋਣਾਂ ਦੌਰਾਨ ਪਵਨ ਟੀਨੂੰ ਨੂੰ 71 ਹਜ਼ਾਰ ਦੀਆਂ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਵਾਰ ਸੰਤੋਕ ਸਿੰਘ ਚੌਧਰੀ ਦੇ ਨਾਲ ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਹਾਈਕਮਾਂਡ ਨੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ। ਉਨ੍ਹਾਂ ਦੇ ਸੁਆਗਤ ਲਈ ਜਗਦੀਸ਼ ਰਾਜਾ, ਵਿਧਾਇਕ ਰਾਜਿੰਦਰ ਬੇਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਕਈ ਕਾਂਗਰਸੀ ਨੇਤਾ ਮੌਜੂਦ ਸਨ।

