ਸੰਤ ਸੀਚੇਵਾਲ ਦਾ ਵੱਡਾ ਉਪਰਾਲਾ, ਸੇਵਾ 'ਚ ਮਿਲਿਆ ਸੋਨਾ ਵੇਚ ਕੇ ਖ਼ਰੀਦਣਗੇ ਐਂਬੂਲੈਂਸ

Tuesday, May 25, 2021 - 10:08 PM (IST)

ਜਲੰਧਰ (ਹਰਨੇਕ ਸਿੰਘ ਸੀਚੇਵਾਲ) : ਹਰ ਵਕਤ ਇਨਸਾਨੀਅਤ ਦੀ ਸੇਵਾ ਲਈ ਹਾਜ਼ਰ ਰਹਿਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੋਰੋਨਾ ਕਾਲ ਵਿੱਚ ਵੀ ਮਰੀਜ਼ਾਂ ਦੀ ਸੇਵਾ ਲਈ ਐਂਬੂਲੈਂਸ ਖ਼ਰੀਦਣ ਦਾ ਐਲਾਨ ਕਰਕੇ ਮੁੜ ਤੋਂ ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ।ਇਸ ਔਖੀ ਘੜੀ ਵਿੱਚ ਸੰਤ ਸੀਚੇਵਾਲ ਨੇ ਐਲਾਨ ਕੀਤਾ ਹੈ ਕਿ ਗੁਰੂ ਘਰ ਦੀ ਸੇਵਾ ਲਈ ਸੰਗਤਾਂ ਵੱਲੋਂ ਦਾਨ ਕੀਤਾ ਗਿਆ ਤਕਰੀਬਨ ਅੱਧਾ ਕਿਲੋ ਸੋਨਾ ਵੇਚ ਕੇ ਐਂਬੂਲੈਂਸ ਖ਼ਰੀਦੀ ਜਾਵੇਗੀ ਜਿਸ ਰਾਹੀਂ ਜ਼ਿਆਦਾ ਗੰਭੀਰ ਮਰੀਜ਼ਾਂ ਨੂੰ ਔਖੇ ਸਮੇਂ ਸ਼ਹਿਰ ਦੇ ਹਸਪਤਾਲ ਲਿਜਾਣ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਐਂਬੂਲੈਂਸ ਰਾਤ ਦਿਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ । ਐਂਬੂਲੈਂਸ ਨੂੰ ਚਲਾਉਣ ਲਈ ਡਰਾਇਵਰ ਅਤੇ ਇਕ ਤਜਰਬੇਕਾਰ ਸਹਾਇਕ,ਜੋ ਹੰਗਾਮੀ ਹਾਲਤ ਵਿੱਚ ਮਰੀਜ਼ ਨੂੰ ਆਕਸੀਜਨ ਵਗੈਰਾ ਲਾ ਸਕਦਾ ਹੋਵੇ ਅਤੇ ਮੁੱਢਲੀ ਸਹਾਇਤਾ ਦੇਣ ਵਿੱਚ ਮਾਹਿਰ ਹੋਵੇ, ਵੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਵਰਤਣ ਵਾਲੇ ਮਰੀਜ਼ਾਂ ਜਾਂ ਉਨ੍ਹਾਂ ਦੇ ਪਰਿਵਾਰ ਕੋਲੋਂ ਕਿਸੇ ਕਿਸਮ ਦਾ ਕੋਈ ਕਿਰਾਇਆ ਜਾ ਹੋਰ ਪੈਸਾ ਨਹੀਂ ਲਿਆ ਜਾਵੇਗਾ।

ਇਹ ਵੀ ਪੜ੍ਹੋ :ਅਮਰੀਕਾ ਵਿਚ ਲੋਕਾਂ ਨੂੰ ਮਿਲ ਰਿਹਾ ਮਾਸਕ ਤੋਂ ਛੁਟਕਾਰਾ, ਕੀ ਭਾਰਤ ਵਿਚ ਵੀ ਹੈ ਸੰਭਵ!

ਜ਼ਿਕਰਯੋਗ ਹੈ ਕਿ ਸਰਕਾਰਾਂ ਦੇ ਖ਼ਸਤਾ ਸਿਹਤ ਪ੍ਰਬੰਧਾਂ ਕਾਰਨ ਕੋਰੋਨਾ ਦੀ ਦੂਜੀ ਲਹਿਰ ਨੇ ਜਿੱਥੇ ਦੇਸ਼ ਵਿੱਚ ਵੱਡੇ ਪੱਧਰ 'ਤੇ ਹਾਹਾਕਾਰ ਮਚਾ ਦਿੱਤੀ ਹੈ ਉਥੇ ਅਜਿਹੇ ਵਿੱਚ ਆਮ ਲੋਕਾਂ ਲਈ ਸਮਾਜ ਸੇਵੀ ਸੰਸਥਾਵਾਂ ਹੀ ਸਹਾਰਾ ਬਣੀਆਂ ਹਨ।ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਸੰਗਤਾਂ ਦੇ ਸਹਿਯੋਗ ਨਾਲ  ਕੋਰੋਨਾ ਦੀ ਲਾਗ ਲੱਗ ਜਾਣ ਦੀ ਸੂਰਤ ਵਿੱਚ ਮਰੀਜ਼ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਸੀਚੇਵਾਲ ਵਿੱਚ ਪਿੰਡ ਪੱਧਰ ਦਾ ਕੇਂਦਰ ਸਥਾਪਿਤ ਕੀਤਾ ਹੈ। ਗ੍ਰਾਮ ਪੰਚਾਇਤ ਸੀਚੇਵਾਲ ਵੱਲੋਂ ਪਹਿਲ ਕਦਮੀ ਕਰਦਿਆਂ ਪਿੰਡ ਦੇ ਕਮਿਊਨਿਟੀ ਹਾਲ ਵਿੱਚ 10 ਬਿਸਤਰਿਆ ਦਾ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ  ਇਲਾਕੇ ਅੰਦਰ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਕੰਨਸਟ੍ਰੇਟਰ ਅਤੇ ਕੋਰੋਨਾ ਕਿੱਟਾਂ ਵੰਡਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ । 

ਨੋਟ: ਸੰਤ ਸੀਚੇਵਾਲ ਦੇ ਇਸ ਫ਼ੈਸਲੇ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ?


Harnek Seechewal

Content Editor

Related News