ਬਿਨਾਂ ਮੁਕਾਬਲੇ ਰਾਜ ਸਭਾ ਮੈਂਬਰ ਚੁਣੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ
Friday, Jun 03, 2022 - 05:30 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਰਾਜ ਸਭਾ ਉਮੀਦਵਾਰਾਂ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਚੁਣ ਲਿਆ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਮਾਜ ਸੇਵੀ ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਮੈਂਬਰ ਬਣ ਗਏ ਹਨ। ਉਨ੍ਹਾਂ ਨੂੰ ਅੱਜ ਸਰਟੀਫਿਕੇਟ ਦੇ ਦਿੱਤੇ ਗਏ ਹਨ। ਜਿੱਤਣ ਤੋਂ ਬਾਅਦ ਸੰਤ ਸੀਚੇਵਾਲ ਅਤੇ ਸਾਹਨੀ ਨੇ ਕਿਹਾ ਕਿ ਉਹ ਪੰਜਾਬ ਦੀ ਆਵਾਜ਼ ਨੂੰ ਰਾਜ ਸਭਾ 'ਚ ਬੁਲੰਦ ਕਰਨ 'ਤੇ ਪੂਰਾ ਜ਼ੋਰ ਦੇਣਗੇ। ਪੰਜਾਬ ਦੇ ਹੱਕ 'ਚ ਵੱਖ-ਵੱਖ ਮੁੱਦਿਆਂ ਨੂੰ ਵੀ ਰਾਜ ਸਭਾ 'ਚ ਲਜਾਇਆ ਜਾਵੇਗਾ।
ਇਹ ਵੀ ਪੜ੍ਹੋ - ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਨੇ ਐਲਾਨਿਆ ਉਮੀਦਵਾਰ
ਜ਼ਿਕਰਯੋਗ ਹੈ ਕੀ ਕਾਂਗਰਸ ਪਾਰਟੀ ਦੀ ਅੰਬਿਕਾ ਸੋਨੀ ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ 'ਆਪ' ਦੇ ਰਾਜ ਸਭਾ ਮੈਂਬਰ ਜਗ੍ਹਾਂ ਲੈਣਗੇ। ਦੱਸ ਦਈਏ ਕਿ ਪੰਜਾਬ ਤੋਂ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ 7 ਮੈਂਬਰ ਹੋ ਗਏ ਹਨ। ਇਸ ਤੋਂ ਪਹਿਲਾਂ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਰਾਜ ਸਭਾ ਲਈ ਚੁਣੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ - ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ ਸਿੱਧੂ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ
ਸੰਤ ਬਲਬੀਰ ਸਿੰਘ ਅਤੇ ਵਿਕਰਮਜੀਤ ਸਿੰਘ ਸਾਹਨੀ ਦਾ ਜਿੱਤਣਾ ਤੈਅ ਸੀ । ਪੰਜਾਬ 'ਚ 117 'ਚੋਂ 92 ਸੀਟਾਂ 'ਤੇ 'ਆਪ' ਦੇ ਵਿਧਾਇਕ ਹਨ। ਇਸ ਦੇ ਚੱਲਦਿਆਂ ਜੇਕਰ ਵੋਟਿੰਗ ਵੀ ਕੀਤੀ ਜਾਂਦੀ ਤਾਂ ਉਨ੍ਹਾਂ ਦਾ ਜਿੱਤਣਾ ਤੈਅ ਸੀ। ਇਸ ਕਾਰਨ ਹੀ ਵਿਰੋਧੀ ਧਿਰਾਂ ਨੇ ਆਪਣੇ ਉਮੀਦਵਾਰਾਂ ਨੂੰ ਨਾਮਜ਼ਦ ਨਹੀਂ ਕੀਤਾ ।
ਇਹ ਵੀ ਪੜ੍ਹੋ -ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਬੋਲੇ ਸੁਖਬੀਰ ਬਾਦਲ, ਫੇਲ ਹੋਏ ਭਗਵੰਤ ਮਾਨ, ਦਿੱਲੀ ਤੋਂ ਚੱਲ ਰਹੀ ਸਰਕਾਰ
ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਨੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਕਈ ਵੱਡੇ ਕੰਮ ਕੀਤੇ ਹਨ। ਉਨ੍ਹਾਂ ਨੇ 160 ਕਿਲੋਮੀਟਰ ਕਾਲੀ ਵੇਈਂ ਨਹਿਰ ਨੂੰ ਸਾਫ਼ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਸਫ਼ਾਈ ਮਾਡਲ ਪੂਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਨ੍ਹਾਂ ਸਭ ਚੀਜ਼ਾ ਲਈ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਸੀ। ਓਧਰ ਹੀ ਵਿਕਰਮਜੀਤ ਸਾਹਨੀ ਨੇ ਵੀ ਸਮਾਜ ਸੇਵਾ 'ਚ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕੀਤਾ ਹੈ। ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਆਕਸੀਜਨ ਸਿਲੰਡਰ, ਕਾਨਸਟ੍ਰੇਟਰ ਮੁਹੱਈਆ ਕਰਵਾਉਣ ਵਰਗੇ ਕੰਮ ਕੀਤੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਪਦਮਸ਼੍ਰੀ ਮਿਲ ਚੁੱਕਿਆ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।