ਸੰਤ ਸੀਚੇਵਾਲ ਨੇ ਰਾਜ ਸਭਾ ਵਿਚ ਚੁੱਕਿਆ ਬਾਗਬਾਨੀ ਕਿਸਾਨਾਂ ਦਾ ਮੁੱਦਾ
Monday, Aug 05, 2024 - 06:13 PM (IST)

ਲੋਹੀਆਂ ਖਾਸ (ਸੁਖਪਾਲ ਰਾਜਪੂਤ) : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਾਗਬਾਨੀ ਕਰਨ ਵਾਲੇ ਕਿਸਾਨਾਂ ਦਾ ਮੁੱਦਾ ਰਾਜ ਸਭਾ 'ਚ ਬੜੀ ਸ਼ਿੱਦਤ ਨਾਲ ਉਠਾਇਆ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆ ਕਿਹਾ ਕਿ ਸਰਕਾਰ ਹੋਰ ਫਸਲਾਂ ਦੇ ਉਜਾੜੇ ਦਾ ਤਾਂ ਮੁਆਵਜ਼ਾ ਦਿੰਦੀ ਹੈ ਪਰ ਬਾਗਾਂ ਦੇ ਉਜਾੜੇ ਬਾਰੇ ਇਕ ਧੇਲਾ ਵੀ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜਿਵੇਂ ਕੁਦਰਤੀ ਆਫਤਾਂ ਕਾਰਨ ਹੋਰ ਫਸਲਾਂ ਦੇ ਨੁਕਸਾਨ ਦੀ ਸਥਿਤੀ ਵਿਚ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੂੰ ਵੀ ਦਿੱਤਾ ਜਾਵੇ ਜਦੋਂ ਉਨ੍ਹਾਂ ਦੇ ਬਾਗਾਂ ਦਾ ਨੁਕਸਾਨ ਹੁੰਦਾ ਹੈ, ਜਿਸ ਨੂੰ ਖੇਤੀਬਾੜੀ ਦੇ ਇਕ ਬਦਲਵੇਂ ਰੂਪ ਵਜੋਂ ਵੀ ਦੇਖਿਆ ਜਾਂਦਾ ਹੈ। ਉਹੀ ਬਾਗ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਦੇ ਹਨ ਅਤੇ ਵਾਤਾਵਰਣ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ। ਪੰਜਾਬ 'ਚ ਫਾਜ਼ਿਲਕਾ, ਅਬੋਹਰ, ਹੁਸ਼ਿਆਰਪੁਰ ਅਤੇ ਹੋਰ ਥਾਵਾਂ ’ਤੇ ਕਿੰਨੂਆਂ ਦੇ ਬਾਗ ਵੱਡੇ ਪੱਧਰ ’ਤੇ ਲਗਾਏ ਗਏ ਹਨ ਪਰ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਣ ਤੋਂ ਬਾਅਦ, ਬਹੁਤ ਸਾਰੇ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੇ ਇਸ ਤੋਂ ਤੌਬਾ ਕੀਤੀ ਹੈ ਅਤੇ ਆਪਣੇ ਹਰੇ ਭਰੇ ਬਾਗਾਂ ਨੂੰ ਪੁੱਟਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਮਾਲਵੇ ਖੇਤਰ 'ਚ ਬਾਗਬਾਨੀ ਨਹਿਰੀ ਪਾਣੀ ’ਤੇ ਨਿਰਭਰ ਹੈ ਕਿਉਂਕਿ ਇਨ੍ਹਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੈ।
ਇਸ ਨਾਲ ਬਾਗਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਪਿਛਲੇ ਦੋ ਸਾਲਾਂ, 2021-22 ਅਤੇ 2022-23 ਦੌਰਾਨ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ 'ਚ ਲਗਭਗ 40,000 ਏਕੜ ਵਿਚ ਲੱਗੇ ਬਾਗਾਂ ਨੂੰ ਕਿਸਾਨਾਂ ਨੇ ਜਲਵਾਯੂ ਤਬਦੀਲੀ ਕਾਰਨ ਹੋਏ ਨੁਕਸਾਨ ਕਾਰਨ ਉਖਾੜ ਦਿੱਤਾ ਸੀ। ਸੰਤ ਸੀਚੇਵਾਲ ਨੇ ਕਿਹਾ ਜਲਵਾਯੂ ਪਰਿਵਰਤਨ ਦਾ ਬਾਗਬਾਨੀ 'ਤੇ ਸਭ ਤੋਂ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਭਰ ਦੇ ਬਾਗਬਾਨੀ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇ।
ਸੰਤ ਸੀਚੇਵਾਲ ਨੇ ਸਦਨ 'ਚ ਪੁਰਜ਼ੋਰ ਮੰਗ ਕੀਤੀ ਕਿ ਕੁਦਰਤੀ ਆਫ਼ਤਾਂ ਕਾਰਨ ਬਾਗਬਾਨੀ ਦੇ ਨੁਕਸਾਨ ਦੀ ਸਥਿਤੀ ਵਿਚ, ਉਨ੍ਹਾਂ ਨੂੰ ਆਮ ਫਸਲਾਂ ਦੇ ਨੁਕਸਾਨ ਵਾਂਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਸਬਸਿਡੀਆਂ ਦਿੱਤੀਆਂ ਜਾਣ ਤਾਂ ਜੋ ਕਿਸਾਨ ਬਾਗਬਾਨੀ ਵੱਲ ਮੁੜਨ ਅਤੇ ਆਪਣੇ ਫਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰ ਸਕਣ। ਬਾਗਬਾਨੀ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਬਾਗਬਾਨੀ ਲਈ ਵਰਤੇ ਜਾਣ ਵਾਲੇ ਸੰਦ ਅਤੇ ਮਸ਼ੀਨਰੀ ਸਸਤੀ ਕੀਤੀ ਜਾਣੀ ਚਾਹੀਦੀ ਹੈ।