ਜਲੰਧਰ : ਦੋ ਦਿਨਾਂ ਤੋਂ ਸਕੂਲ ਨਾ ਜਾਣ ਦੀ ਜ਼ਿੱਦ ਕਰ ਰਿਹਾ ਸੀ ਆਰਵ

07/24/2019 3:57:01 PM

ਜਲੰਧਰ (ਵਰੁਣ) : ਦੋਆਬਾ ਚੌਕ ਕੋਲ ਸਥਿਤ ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ਦੇ ਬਾਹਰ ਮੰਗਲਵਾਰ ਦੁਪਹਿਰ ਸਮੇਂ ਦਰਦਨਾਕ ਹਾਦਸੇ 'ਚ ਨੰਨ੍ਹੇ ਮਾਸੂਮ ਆਰਵ ਦੀ ਮੌਤ ਹੋ ਗਈ। ਛੁੱਟੀ ਦੇ ਸਮੇਂ ਜੌੜੇ ਭੈਣ-ਭਰਾ ਨੂੰ ਲੈਣ ਆਏ ਦਾਦੇ ਕੋਲੋਂ ਸਕੂਲ ਦੇ ਠੀਕ ਬਾਹਰ ਐਕਟਿਵਾ ਬੇਕਾਬੂ ਹੋ ਕੇ ਡਿੱਗ ਪਈ। ਦੋਵੇਂ ਬੱਚੇ ਜੋ ਕਿ ਐਕਟਿਵਾ ਦੇ ਅੱਗੇ ਖੜ੍ਹੇ ਸਨ, ਹੇਠਾਂ ਡਿੱਗ ਗਏ ਤੇ ਕੋਲੋਂ ਹੀ ਲੰਘ ਰਹੀ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਏ। ਬੱਚਿਆਂ ਨੂੰ ਬੱਸ ਦੇ ਹੇਠਾਂ ਆਇਆ ਦੇਖ ਸਕਿਓਰਿਟੀ ਗਾਰਡ ਤੇ ਹੋਰ ਲੋਕਾਂ ਨੇ ਰੌਲਾ ਪਾ ਦਿੱਤਾ, ਜਿਸ ਨੂੰ ਸੁਣ ਕੇ ਬੱਸ ਚਾਲਕ ਨੇ ਤੁਰੰਤ ਬਰੇਕ ਲਾਈ ਪਰ ਤਦ ਤਕ ਬੱਸ ਦਾ ਪਿਛਲਾ ਟਾਇਰ ਆਰਵ (3) ਦੇ ਸਿਰ ਤੋਂ ਲੰਘ ਚੁੱਕਾ ਸੀ। ਹਾਦਸੇ 'ਚ ਅਵਨੀ ਦਾ ਵਾਲ-ਵਾਲ ਬਚਾਅ ਹੋ ਗਿਆ, ਜਦਕਿ   ਖੂਨ ਨਾਲ ਲਥਪਥ ਆਰਵ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਆਰਵ ਦੇ ਘਰ ਦੇ ਕੋਲ ਹੀ ਰਹਿੰਦੇ ਦਾਦਾ ਚਾਚੂ ਨੇ ਦੱਸਿਆ ਕਿ ਦੋ ਦਿਨਾਂ ਤੋਂ ਆਰਵ ਸਕੂਲ ਨਾ ਜਾਣ ਦੀ ਜ਼ਿੱਦ ਕਰ ਰਿਹਾ ਸੀ। ਉਹ ਕਹਿੰਦਾ ਸੀ ਸੰਡੇ ਨੂੰ ਸਕੂਲ ਜ਼ਰੂਰ ਚਲਾ ਜਾਵਾਂਗੇ ਪਰ ਹੁਣ ਨਹੀਂ ਜਾਣਾ। ਬੱਚਾ ਜ਼ਿੱਦ ਕਰ ਰਿਹਾ ਸੀ। ਇਸ ਲਈ ਮਾਤਾ-ਪਿਤਾ ਵੀ ਮੰਨ ਗਏ। ਆਰਵ ਆਪਣੇ ਮੁਹੱਲੇ 'ਚ ਸਾਰਿਆਂ ਦਾ ਲਾਡਲਾ ਸੀ, ਜਿਸ ਵਿਹੜੇ 'ਚ ਆਰਵ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ ਅੱਜ ਉਸੇ ਵਿਹੜੇ 'ਚ ਆਰਵ ਨੂੰ ਪੁਕਾਰ ਰਹੀਆਂ ਆਵਾਜ਼ਾਂ ਗੂੰਜ ਰਹੀਆਂ ਸਨ। 

PunjabKesari

ਕੁਝ ਸਕਿੰਟ ਪਹਿਲਾਂ ਸਕਿਓਰਿਟੀ ਗਾਰਡ ਨੇ ਹਟਣ ਲਈ ਕਿਹਾ ਸੀ
ਇਸ ਹਾਦਸੇ ਦੀ ਸੰਸਕ੍ਰਿਤੀ ਸਕੂਲ ਵਲੋਂ ਫੁਟੇਜ ਜਾਰੀ ਕੀਤੀ ਗਈ ਹੈ। ਫੁਟੇਜ 'ਚ ਸਾਫ ਦਿਸ ਰਿਹਾ ਹੈ ਕਿ ਪਵਨ ਮਹਿਤਾ ਸਕੂਲ ਦੇ ਬਿਲਕੁਲ ਸਾਹਮਣੇ ਬੱਚਿਆਂ ਨੂੰ ਐਕਟਿਵਾ 'ਤੇ ਲੈ ਕੇ ਖੜ੍ਹੇ ਹਨ। ਜਿਸ ਬੱਸ ਦੇ ਹੇਠਾਂ ਆਉਣ ਨਾਲ ਮਾਸੂਮ ਆਰਵ ਦੀ ਮੌਤ ਹੋਈ, ਉਸ ਦੇ ਬਾਹਰ ਆਉਣ ਤੋਂ ਕੁਝ ਸਕਿੰਟ ਪਹਿਲਾਂ ਹੀ ਸਕੂਲ ਦੇ ਸਕਿਓਰਿਟੀ ਗਾਰਡ ਨੇ ਪਵਨ ਮਹਿਤਾ ਨੂੰ ਐਕਟਿਵਾ ਹਟਾਉਣ ਲਈ ਕਿਹਾ ਸੀ। 11 ਸਕਿੰਟ ਬਾਅਦ ਹੀ ਜਿਵੇਂ ਬੱਸ ਸਕੂਲ ਤੋਂ ਨਿਕਲੀ ਤਾਂ ਐਕਟਿਵਾ ਬੇਕਾਬੂ ਹੋ ਕੇ ਹੇਠਾਂ ਡਿੱਗ ਗਈ।

PunjabKesari

ਸਕੂਲ ਪ੍ਰਬੰਧਨ ਦੀ ਮਹਿਤਾ ਪਰਿਵਾਰ ਨਾਲ ਪੂਰਨ ਹਮਦਰਦੀ : ਪ੍ਰਿੰ. ਰਚਨਾ ਮੋਂਗਾ
ਸੰਸਕ੍ਰਿਤੀ ਕੇ. ਐੱਮ. ਵੀ. ਸਕੂਲ ਦੀ ਪ੍ਰਿੰਸੀਪਲ ਰਚਨਾ ਮੋਂਗਾ ਨੇ ਸਕੂਲ ਦੇ ਵਿਦਿਆਰਥੀ ਆਰਵ ਮਹਿਤਾ ਪੁੱਤਰ ਦੀਪਕ ਮਹਿਤਾ ਦੀ ਦੁਰਘਟਨਾ 'ਚ ਹੋਈ ਅਚਾਨਕ ਮੌਤ 'ਤੇ ਡੂੰਘਾ ਦੁੱਖ ਜਤਾਉਂਦੇ ਹੋਏ ਕਿਹਾ ਕਿ ਸਕੂਲ ਮੈਨੇਜਮੇਂਟ, ਸਿੱਖਿਅਕ ਅਤੇ ਵਿਦਿਆਰਥੀ ਵੀ ਇਸ ਵੱਡੀ ਦੁਰਘਟਨਾ ਕਾਰਨ ਸਦਮੇ 'ਚ ਹਨ। ਉਨ੍ਹਾਂ ਨੇ ਮਹਿਤਾ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਰੱਬ ਅੱਗੇ ਪ੍ਰਾਥਨਾ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਇਸ ਅਸਹਿਣਯੋਗ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਦੇਵੇ। ਪ੍ਰਿੰਸੀਪਲ ਮੋਂਗਾ ਨੇ 24 ਜੁਲਾਈ ਨੂੰ ਸਕੂਲ 'ਚ ਛੁੱਟੀ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ ਸਕੂਲ ਦੇ ਸਟਾਫ ਮੈਂਬਰ ਸਕੂਲ 'ਚ ਆਯੋਜਿਤ ਲੋਕ ਸਭਾ 'ਚ ਹਿੱਸਾ ਲੈਣਗੇ।


Anuradha

Content Editor

Related News