ਕਰੋੜਾਂ ਦੀ ਠੱਗੀ ਕਰਨ ਵਾਲੇ ਸੰਜੇ ਕਰਾਟੇ ਦੇ ਮਾਲਕ ਦੀ ਸਾਰੀ ਜਾਇਦਾਦ ਹੋਵੇਗੀ ਸੀਲ

Saturday, Jul 25, 2020 - 05:08 PM (IST)

ਜਲੰਧਰ (ਕਮਲੇਸ਼)— ਦਿੱਲੀ ਦੇ ਟਰਾਂਸਪੋਰਟ ਕਾਰੋਬਾਰੀ ਤੋਂ ਸਾਢੇ ਚਾਰ ਕਰੋੜ ਦੀ ਠੱਗੀ ਅਤੇ ਵਿਦੇਸ਼ ਜਾਣ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਦੇ ਮਾਮਲੇ 'ਚ ਮੁਲਜ਼ਮ ਸੰਜੇ ਸ਼ਰਮਾ ਅਜੇ ਵੀ ਫਰਾਰ ਚੱਲ ਰਿਹਾ ਹੈ। ਸੰਜੇ ਦੀ ਭਾਲ 'ਚ ਸ਼ੁੱਕਰਵਾਰ ਨੂੰ ਥਾਣਾ 6 ਦੀ ਪੁਲਸ ਨੇ ਪਠਾਨਕੋਟ, ਸੁਜਾਨਪੁਰ, ਖਾਂਬੜਾ, ਅਰਬਨ ਸਟੇਟ ਫੇਜ਼ ਟੂ, ਸੰਜੇ ਕਰਾਟੇ ਸਕੂਲ ਸਮੇਤ ਕਈ ਥਾਵਾਂ 'ਤੇ ਦਬਿਸ਼ ਦਿੱਤੀ ਪਰ ਮੁਲਜ਼ਮ ਹੱਥੇ ਨਹੀਂ ਚੜ੍ਹਿਆ।

ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)

ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਸ ਨੇ ਮੁਲਜ਼ਮ ਦੇ ਸਾਰੇ ਟਿਕਾਣਿਆਂ 'ਤੇ ਰੇਡ ਕੀਤੀ ਹੈ। ਉਥੇ ਹੀ ਪੁਲਸ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦੇ ਪਠਾਨਕੋਟ, ਸੁਜਾਨਪੁਰ 'ਚ ਵੀ ਜਾਇਦਾਦ ਹੈ। ਉਕਤ ਟਿਕਾਣਿਆਂ 'ਤੇ ਪੁਲਸ ਨੇ ਦਬਿਸ਼ ਦਿੱਤੀ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਮੁਲਜ਼ਮ ਦੀ ਸਾਰੀ ਜਾਇਦਾਦ ਨੂੰ ਸੀਲ ਕਰਕੇ ਸਰਕਾਰੀ ਨੋਟਿਸ ਲਗਾਏ ਜਾਣਗੇ ਅਤੇ ਜਲਦੀ ਹੀ ਮੁਲਜ਼ਮ ਗ੍ਰਿ੍ਰਫ਼ਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਫਰਾਰ ਚੱਲ ਰਹੇ ਮੁਲਜ਼ਮ ਸੰਜੇ ਕਰਾਟੇ ਦੇ ਮਾਲਕ ਸੰਜੇ ਗੋਕਲ ਸ਼ਰਮਾ ਅਤੇ ਉਸ ਦੀ ਪਤਨੀ ਪੂਜਾ ਗੋਕਲ 'ਤੇ 8 ਨੌਜਵਾਨਾਂ ਨੂੰ ਕਰਾਟੇ ਸਿਖਾਉਣ ਦੇ ਨਾਂ 'ਤੇ ਵਿਦੇਸ਼ ਭੇਜਣ ਨੂੰ ਲੈ ਕੇ 2.5 ਕਰੋੜ ਠੱਗਣ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਪਹਿਲਾਂ ਵੀ ਮੁਲਜ਼ਮ 'ਤੇ ਜਾਇਦਾਦ ਵਿਵਾਦ ਨੂੰ ਲੈ ਕੇ ਸਾਢੇ ਚਾਰ ਕਰੋੜ ਦੀ ਠੱਗੀ ਦਾ ਮਾਮਲਾ ਦਰਜ ਹੋਇਆ ਸੀ।

ਇਹ ਵੀ ਪੜ੍ਹੋ:  ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ (ਵੀਡੀਓ)

ਜ਼ਿਕਰਯੋਗ ਹੈ ਕਿ ਦਿੱਲੀ ਦੇ ਕਾਰੋਬਾਰੀ ਨਾਲ ਪ੍ਰਾਪਰਟੀ ਦੇ ਮਾਮਲਿਆਂ 'ਚ ਸਾਢੇ 4 ਕਰੋੜ ਦੀ ਠੱਗੀ ਅਤੇ 10 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਢਾਈ ਕਰੋੜ ਦੀ ਠੱਗੀ ਦੇ ਦੋਸ਼ਾਂ 'ਚ ਘਿਰੇ ਸੰਜੇ ਕਰਾਟੇ ਦੇ ਮਾਲਕ ਸੰਜੇ ਸ਼ਰਮਾ ਦੀ ਫੋਟੋ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨਾਲ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੀੜਤਾਂ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸੰਜੇ ਨੇ ਉਨ੍ਹਾਂ ਨੂੰ ਝਾਂਸੇ 'ਚ ਲੈਂਦੇ ਹੋਏ ਇਹ ਦਾਅਵਾ ਕੀਤਾ ਸੀ ਕਿ ਉਹ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਕਰੀਬੀ ਹੈ ਅਤੇ ਉਨ੍ਹਾਂ ਦੀ ਪਛਾਣ ਨਾਲ ਵੀਜ਼ਾ ਜਲਦੀ ਲੱਗ ਜਾਵੇਗਾ।
ਇਹ ਵੀ ਪੜ੍ਹੋ:  ਜਲੰਧਰ: ਸੰਜੇ ਕਰਾਟੇ ਦੇ ਮਾਲਕ ਦੀ ਸ਼ਿਲਪਾ ਸ਼ੈੱਟੀ ਨਾਲ ਤਸਵੀਰ ਹੋਈ ਵਾਇਰਲ, ਪੁਲਸ ਵੱਲੋਂ ਭਾਲ ਜਾਰੀ


shivani attri

Content Editor

Related News