ਸਵੱਛਤਾ ਸਰਵੇਖਣ ਜਾਂਚ ਟੀਮ ਨੇ ਖੰਗਾਲਿਆ ਨਗਰ ਨਿਗਮ ਦਾ ਰਿਕਾਰਡ
Thursday, Feb 08, 2018 - 07:09 AM (IST)

ਪਠਾਨਕੋਟ (ਸ਼ਾਰਦਾ) - ਨਗਰ ਨਿਗਮ ਪਠਾਨਕੋਟ ਵੱਲੋਂ ਸਵੱਛਤਾ ਸੰਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਚੰਡੀਗੜ੍ਹ ਤੋਂ ਸਵੱਛਤਾ ਸਰਵੇਖਣ ਜਾਂਚ ਟੀਮ ਅੱਜ ਪਠਾਨਕੋਟ ਪੁੱਜੀ ਤੇ ਨਗਰ ਨਿਗਮ ਦਾ ਰਿਕਾਰਡ ਖੰਗਾਲਿਆ। ਭਾਵੇਂ ਨਿਗਮ ਵੱਲੋਂ ਟੀਮ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਪਰ ਜਾਂਚ ਲਈ ਪੁੱਜੀ ਟੀਮ ਦੀ ਭਣਕ ਮੀਡੀਆ ਨੂੰ ਲੱਗ ਗਈ। ਨਿਗਮ ਵੱਲੋਂ ਦੋ ਦਿਨਾਂ ਦੌਰਾਨ ਟੀਮ ਨੂੰ ਉਨ੍ਹਾਂ ਥਾਵਾਂ ਦਾ ਮੁਆਇਨਾ ਕਰਵਾਇਆ ਜਾਵੇਗਾ, ਜਿਥੇ ਸਵੱਛਤਾ ਦੇ ਲਿਹਾਜ਼ ਨਾਲ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਪਹਿਲੇ ਦਿਨ ਟੀਮ ਦੇ ਸੀਨੀਅਰ ਅਸਿਸਟੈਂਟ ਅਨੁਜ ਸੇਠੀ ਨੇ ਨਿਗਮ ਦੇ ਸਿਹਤ ਵਿਭਾਗ ਦੀ ਦੇਖ-ਰੇਖ ਕਰ ਰਹੇ ਡਾ. ਐੱਨ. ਕੇ. ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਵੱਲੋਂ ਸਵੱਛਤਾ ਮੁਹਿੰਮ ਸੰਬੰਧੀ ਕੀਤੇ ਗਏ ਕਾਰਜਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਦੋ ਦਿਨ ਟੀਮ ਵੱਲੋਂ ਪਹਿਲਾਂ ਨਿਗਮ ਵੱਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ ਜਾਵੇਗੀ। ਉਪਰੰਤ ਦੁਬਾਰਾ ਇਕ ਹੋਰ ਟੀਮ ਕੀਤੇ ਗਏ ਕੰਮਾਂ ਦਾ ਨਿਰੀਖਣ ਕਰੇਗੀ ਤੇ ਵਿਭਾਗ ਨੂੰ ਆਪਣੀ ਰਿਪੋਰਟ ਸੌਂਪੇਗੀ। ਸ਼ੁਰੂਆਤੀ ਰਿਪੋਰਟ ਸੌਂਪਣ ਤੋਂ ਬਾਅਦ ਦੁਬਾਰਾ ਦੂਜੀ ਟੀਮ ਕੀਤੇ ਗਏ ਕੰਮਾਂ ਦਾ ਨਿਰੀਖਣ ਕਰੇਗੀ। ਟੀਮ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਬਾਅਦ ਉਨ੍ਹਾਂ ਥਾਵਾਂ ਨੂੰ ਚੁਣ ਕੇ ਉਨ੍ਹਾਂ ਦੀ ਫੋਟੋਗਰਾਫੀ ਕੀਤੀ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਨਿਗਮ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਚ ਸਵੱਛਤਾ ਸੰਬੰਧੀ ਜੋ ਤੱਥ ਪੇਸ਼ ਕੀਤੇ ਗਏ ਹਨ, ਉਨ੍ਹਾਂ 'ਚ ਕਿੰਨੀ ਸੱਚਾਈ ਹੈ।
ਦਸਤਾਵੇਜ਼ਾਂ ਦੀ ਟੀਮ ਨੇ ਕੀਤੀ ਫੋਟੋਗਰਾਫੀ
ਟੀਮ ਦੇ ਸੀਨੀਅਰ ਅਸਿਸਟੈਂਟ ਅਨੁਜ ਸੇਠੀ ਆਪਣੇ ਸਾਥੀਆਂ ਨਾਲ ਸਵੇਰੇ ਹੀ ਦਫ਼ਤਰ ਪੁੱਜ ਗਏ ਸਨ ਤੇ ਸਿਹਤ ਵਿਭਾਗ ਦੇ ਇੰਚਾਰਜ ਡਾ. ਐੱਨ. ਕੇ. ਸਿੰਘ ਸਮੇਤ ਸੈਨੇਟਰੀ ਇੰਸਪੈਕਟਰ ਜਾਨੂ ਚਲੌਤਰਾ ਤੇ ਵਿਕਰਮ ਤੋਂ ਸਵੱਛਤਾ ਸੰਬੰਧੀ ਕੀਤੇ ਗਏ ਕੰਮਾਂ ਦੀ ਰਿਪੋਰਟ ਮੰਗੀ। ਨਿਗਮ ਅਧਿਕਾਰੀਆਂ ਨੇ ਜਿਵੇਂ ਹੀ ਕੀਤੇ ਗਏ ਕੰਮਾਂ ਦਾ ਰਿਕਾਰਡ ਦਿੱਤਾ ਤਾਂ ਉਨ੍ਹਾਂ ਸਾਰੇ ਰਿਕਾਰਡ ਦੀ ਫੋਟੋਗਰਾਫੀ ਕੀਤੀ।
ਸਵੱਛਤਾ ਸਰਵੇਖਣ ਲਈ ਸੰਬੰਧਤ ਵਿਭਾਗ ਵੱਲੋਂ ਗਠਿਤ ਟੀਮਾਂ ਲਗਾਤਾਰ ਸ਼ਹਿਰ ਦਾ ਦੌਰਾ ਕਰ ਰਹੀਆਂ ਹਨ। ਇਸ ਤਹਿਤ ਨਗਰ ਨਿਗਮ ਵੱਲੋਂ ਸ਼ਹਿਰ 'ਚ ਸਵੱਛਤਾ ਸੰਬੰਧੀ ਉਚਿਤ ਪ੍ਰਬੰਧ ਕੀਤੇ ਗਏ ਸਨ ਤੇ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਸਰਵੇਖਣ ਲਈ ਪੁੱਜੀ ਟੀਮ ਨਾ ਸਿਰਫ਼ ਸਵੱਛਤਾ ਦਾ ਮੁਆਇਨਾ ਕਰੇਗੀ, ਸਗੋਂ ਇਸ ਦੌਰਾਨ ਲੋਕਾਂ ਦੇ ਫੀਡਬੈਕ, ਸ਼ਹਿਰ ਦੀ ਸਫਾਈ ਲਈ ਜ਼ਰੂਰੀ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਸਮੇਤ ਹੋਰ ਮਾਪਦੰਡਾਂ ਦੀ ਵੀ ਜਾਂਚ ਕਰੇਗੀ, ਜਿਨ੍ਹਾਂ ਦੇ ਆਧਾਰ 'ਤੇ ਹੀ ਸਵੱਛ ਸਰਵੇਖਣ 'ਚ ਪਠਾਨਕੋਟ ਨੂੰ ਅੰਕ ਮਿਲਣਗੇ।
ਸਵੱਛਤਾ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਜਾਰੀ ਰਹੇਗੀ : ਮੇਅਰ ਵਾਸੂਦੇਵ
ਸਵੱਛਤਾ ਸਰਵੇਖਣ ਟੀਮ ਦੇ ਦੌਰੇ ਸੰਬੰਧੀ ਮੇਅਰ ਅਨਿਲ ਵਾਸੂਦੇਵ ਨੇ ਕਿਹਾ ਕਿ ਨਗਰ ਨਿਗਮ ਸਫਾਈ ਵਿਵਸਥਾ ਲਈ ਯਤਨਸ਼ੀਲ ਹੈ। ਸਰਵੇਖਣ ਟੀਮ ਦੇ ਭਰੋਸੇ ਦੇ ਬਾਵਜੂਦ ਨਿਗਮ ਦੀ ਖੁੱਲ੍ਹੇ 'ਚ ਜੰਗਲ-ਪਾਣੀ ਜਾਣ ਨੂੰ ਖਤਮ ਕਰਨ ਤੇ ਸਵੱਛਤਾ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਜਾਰੀ ਰਹੇਗੀ।