ਇਨਸਾਨੀਅਤ ਫਿਰ ਸ਼ਰਮਸਾਰ : ਬੀਮਾਰ 'ਸਫਾਈ ਸੇਵਕ' ਦੇ ਘਰ ਪੈਸੇ ਲੈਣ ਪੁੱਜ ਗਿਆ ਸੈਨੇਟਰੀ ਇੰਸਪੈਕਟਰ

Thursday, Dec 17, 2020 - 03:05 PM (IST)

ਅੰਮ੍ਰਿਤਸਰ (ਰਮਨ) : ਨਗਰ ਨਿਗਮ ਦੇ ਸਿਹਤ ਮਹਿਕਮੇ ’ਤੇ ਇਸ ਸਮੇਂ ਕਾਲੇ ਬੱਦਲ ਛਾਏ ਹੋਏ ਹਨ। ਪਿਛਲੇ ਦਿਨੀਂ ਇੱਥੇ ਵਿਜੀਲੈਂਸ ਬਿਓਰੋ ਨੇ ਇਕ ਸੈਨੇਟਰੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਸਫਾਈ ਸੇਵਕ ਤੋਂ ਰੰਗੇ ਹੱਥੀਂ ਪੈਸੇ ਲੈਂਦੇ ਫੜ੍ਹਿਆ ਸੀ, ਉੱਥੇ ਹੀ ਇਸ ਵਾਰ ਇਕ ਸੈਨੇਟਰੀ ਇੰਸਪੈਕਟਰ ਨੇ ਤਾਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇਹ ਸੈਨੇਟਰੀ ਇੰਸਪੈਕਟਰ ਅਵਤਾਰ ਸਿੰਘ ਬੀਮਾਰ ਸਫਾਈ ਸੇਵਕ ਯਸ਼ਪਾਲ ਸਿੰਘ ਦੇ ਘਰ ਪੈਸੇ ਲੈਣ ਪਹੁੰਚ ਗਿਆ। ਸਫਾਈ ਸੇਵਕ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਕਤ ਸੈਨੇਟਰੀ ਇੰਸਪੈਕਟਰ ਨੇ ਉਸ ਨੂੰ ਬਿਨਾਂ ਵਜ੍ਹਾ ਤੰਗ-ਪਰੇਸ਼ਾਨ ਕੀਤਾ ਹੈ ਅਤੇ ਉਸ ਤੋਂ 18 ਹਜ਼ਾਰ ਰੁਪਏ ਲੈ ਕੇ ਗਿਆ ਹੈ। ਉੱਥੇ ਹੀ ਜਦੋਂ ਉਸ ਨੇ ਆਪਣਾ ਮੈਡੀਕਲ ਆਪਣੇ ਪੁੱਤਰ ਦੇ ਹੱਥ ਭੇਜਿਆ ਤਾਂ ਉਹ ਵੀ ਲੈਣ ਤੋਂ ਮਨ੍ਹਾ ਕੀਤਾ ਅਤੇ ਉਸ ਤੋਂ 5 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ ਦੀ ਸਾਰੀ ਵੀਡੀਓ ਵਾਇਰਲ ਹੋਈ ਅਤੇ ਨਿਗਮ ਸਿਹਤ ਅਧਿਕਾਰੀ ਦੇ ਕੋਲ ਪਹੁੰਚੀ। ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸਿਹਤ ਅਧਿਕਾਰੀ ਡਾ. ਅਜੈ ਕੰਵਰ ਦੀ ਰਿਪੋਰਟ ’ਤੇ ਡਾਇਰੈਕਟਰ ਸਥਾਨਕ ਬਾਡੀ ਮਹਿਕਮੇ ਨੂੰ ਇੰਸਪੈਕਟਰ ਨੂੰ ਮੁਅੱਤਲ ਕਰਨ ਲਈ ਪੱਤਰ ਭੇਜਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਲਈ 'ਗਜ਼ਟਿਡ ਛੁੱਟੀਆਂ' ਦਾ ਐਲਾਨ, ਜਾਰੀ ਹੋਈ ਸੂਚੀ
ਸਾਰੀ ਦੁਨੀਆ ਲੈਂਦੀ ਹੈ ਪੈਸਾ, ਮੈ ਇਕੱਲਾ ਥੋੜ੍ਹੀ ਲੈਂਦਾ : ਸੈਨੇਟਰੀ ਇੰਸਪੈਕਟਰ 
ਅਵਤਾਰ ਸਿੰਘ ਨੇ ਇਨਸਾਨੀਅਤ ਨੂੰ ਤਾਂ ਸ਼ਰਮਸਾਰ ਕੀਤਾ ਹੀ ਹੈ, ਉੱਥੇ ਹੀ ਇਕ ਸਫਾਈ ਸੇਵਕ, ਜੋ ਕਿ ਬੈੱਡ ’ਤੇ ਪਿਆ ਹੋਇਆ ਹੈ, ਦਾ ਮੈਡੀਕਲ ਵੀ ਨਹੀਂ ਲਿਆ ਗਿਆ। ਦੂਜੇ ਪਾਸੇ ਉਸ ਦੇ ਘਰ ਪਹੁੰਚ ਕੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਮੰਗਣਾ ਉਸ ਦੀ ਗੰਦੀ ਮਾਨਸਿਕਤਾ ਦੀ ਨਿਸ਼ਾਨੀ ਹੈ। ਉਕਤ ਭ੍ਰਿਸ਼ਟ ਸੈਨੇਟਰੀ ਇੰਸਪੈਕਟਰ ਪੈਸੇ ਦੇ ਅਜਿਹੇ ਮੋਹ 'ਚ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਨਾਂ ’ਤੇ ਪੈਸੇ ਲੈ ਰਿਹਾ ਹੈ। ਵੀਡੀਓ 'ਚ ਉਹ ਕਹਿ ਰਿਹਾ ਹੈ ਕਿ ਉਸ ਨੇ 6 ਜਗ੍ਹਾ ਪੈਸੇ ਦੇਣੇ ਹਨ। ਜਦੋਂ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹ ਖ਼ੁਦ ਦਫ਼ਤਰ 'ਚ ਜਾਂਦੇ ਹਨ ਤਾਂ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਉਸ ਨੂੰ ਕਿਉਂ ਦੋਸ਼ੀ ਬਣਾ ਰਹੇ ਹੋ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਉਕਤ ਅਧਿਕਾਰੀ ਉੱਚ ਅਧਿਕਾਰੀਆਂ ਦੇ ਨਾਂ ’ਤੇ ਪੈਸੇ ਠੱਗ ਰਿਹਾ ਸੀ। ਦੂਜੀ ਪਾਸੇ ਇਹ ਵੀ ਕਿਹਾ ਕਿ ਮੈਂ ਇਕੱਲਾ ਨਹੀਂ, ਸਾਰੀ ਦੁਨੀਆ ਪੈਸੇ ਲੈਂਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਠੰਡ' ਨੇ ਤੋੜਿਆ 5 ਸਾਲਾਂ ਦਾ ਰਿਕਾਰਡ, ਮੰਗਲਵਾਰ ਰਹੀ ਸੀਜ਼ਨ ਦੀ ਸਭ ਤੋਂ ਠੰਡੀ ਰਾਤ
ਸਫਾਈ ਸੇਵਕਾਂ ਤੋਂ ਲੈਂਦੇ ਹਨ ਪੈਸੇ 
ਸ਼ਹਿਰ 'ਚ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਸੈਨੇਟਰੀ ਇੰਸਪੈਕਟਰ ਸਫਾਈ ਸੇਵਕਾਂ ਤੋਂ ਪੈਸੇ ਲੈਂਦੇ ਹਨ। ਕੁਝ ਹੀ ਦਿਨਾਂ 'ਚ 2 ਕੇਸ ਸਾਹਮਣੇ ਆ ਗਏ ਹਨ, ਜਿਨ੍ਹਾਂ 'ਚ ਦੋਵੇਂ ਕੇਸ ਸਫ਼ਾਈ ਸੇਵਕਾਂ ਦੇ ਹਨ, ਉੱਥੇ ਹੀ ਸਫਾਈ ਸੇਵਕ ਆਮ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੁੱਟਿਆ ਜਾਂਦਾ ਹੈ। ਕੋਈ ਕਹਿੰਦਾ ਹੈ ਕਿ ਇਕ ਹਜ਼ਾਰ ਰੁਪਏ ਮਹੀਨਾ ਦਿੰਦਾ ਹੈ ਅਤੇ ਕੋਈ ਜੇਕਰ ਆਉਂਦਾ ਨਹੀਂ ਹੈ ਤਾਂ ਉਸ ਨੂੰ ਅੱਧੀ ਤਨਖਾਹ ਦੇਣੀ ਪੈਂਦੀ ਹੈ। ਉੱਥੇ ਹੀ ਨਿਗਮ ਦੇ ਕਲਰਕ ਵੀ ਘੱਟ ਨਹੀਂ ਹਨ। ਉਨ੍ਹਾਂ ਤੋਂ ਸਫਾਈ ਸੇਵਕਾਂ ਨੂੰ ਇਨਸਾਫ਼ ਨਹੀਂ ਮਿਲਦਾ ਹੈ ਅਤੇ ਕੰਮ ਕਰਵਾਉਣ ਲਈ ਉਨ੍ਹਾਂ ਦੇ ਅੱਗੇ-ਪਿੱਛੇ ਘੁੰਮਣਾ ਪੈਂਦਾ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਨਵੇਂ ਸਾਲ ਤੋਂ ਲੱਗੇਗੀ 'ਕੋਰੋਨਾ ਵੈਕਸੀਨ', ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਵਿਜੀਲੈਂਸ ਦੇ ਚੁੱਕੀ ਹੈ ਚਿਤਾਵਨੀ 
ਸੂਤਰਾਂ ਅਨੁਸਾਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਸਾਫ਼ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਸਟਾਫ਼ ਦੀ ਕੀ ਕਾਰਗੁਜ਼ਾਰੀ ਹੈ, ਉਸ ਦਾ ਸਾਰਾ ਚਿੱਠਾ ਉਨ੍ਹਾਂ ਦੇ ਕੋਲ ਹੈ। ਇਸ ਲਈ ਜਾਂ ਤਾਂ ਉਹ ਸੁਧਰ ਜਾਣ ਨਹੀਂ ਤਾਂ ਫੜ੍ਹ ਲਈ ਜਾਣਗੇ ਪਰ ਵਿਜੀਲੈਂਸ ਦੀ ਇਸ ਚਿਤਾਵਨੀ ਦਾ ਸਿਹਤ ਮਹਿਕਮੇ ਦੇ ਸੈਨੇਟਰੀ ਇੰਸਪੈਕਟਰਾਂ ’ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਉਹ ਕਾਰਨਾਮੇ ਕਰਦੇ ਜਾ ਰਹੇ ਹਨ ਅਤੇ ਕਿਸੇ ਵੀ ਸਮੇਂ ਕੋਈ ਵੀ ਫੜ੍ਹਿਆ ਜਾ ਸਕਦਾ ਹੈ।
ਸਫਾਈ ਸੇਵਕ ਤੋਂ ਕੋਈ ਪੈਸੇ ਮੰਗਦਾ ਹੈ ਤਾਂ ਮੈਨੂੰ ਕਰੋ ਸ਼ਿਕਾਇਤ : ਸਿਹਤ ਅਧਿਕਾਰੀ
ਸਿਹਤ ਅਧਿਕਾਰੀ ਅਜੈ ਕਵੰਰ ਦਾ ਕਹਿਣਾ ਹੈ ਕਿ ਸਫਾਈ ਸੇਵਕਾਂ ਨੂੰ ਨਿਗਮ ਦੇ ਸਫਾਈ ਸੈਨਿਕ ਕਿਹਾ ਜਾਂਦਾ ਹੈ ਪਰ ਜਿਸ ਤਰ੍ਹਾਂ ਇਹ ਮਾਮਲੇ ਆਏ ਹਨ, ਉਨ੍ਹਾਂ ਸੈਨੇਟਰੀ ਇੰਸਪੈਕਟਰਾਂ ਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਹੈ ਕਿ ਜੇਕਰ ਕਿਸੇ ਨੇ ਸਫਾਈ ਸੈਨਿਕ ਨੂੰ ਤੰਗ-ਪਰੇਸ਼ਾਨ ਕੀਤਾ ਅਤੇ ਪੈਸੇ ਮੰਗੇ ਤਾਂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸਫਾਈ ਸੇਵਕਾਂ ਨੂੰ ਵੀ ਕਿਹਾ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ ਤਾਂ ਸਿੱਧੀ ਸ਼ਿਕਾਇਤ ਉਨ੍ਹਾਂ ਨੂੰ ਕਰੋ। ਫਿਲਹਾਲ ਉਕਤ ਸੈਨੇਟਰੀ ਇੰਸਪੈਕਟਰ ਖ਼ਿਲਾਫ਼ ਰਿਪੋਰਟ ਬਣਾ ਕੇ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ।

ਨੋਟ : ਸੈਨਟਰੀ ਇੰਸਪੈਕਟਰਾਂ ਵੱਲੋਂ ਸਫਾਈ ਸੇਵਕਾਂ ਨੂੰ ਤੰਗ-ਪਰੇਸ਼ਾਨ ਕਰਨ ਸਬੰਧੀ ਤੁਹਾਡੀ ਕੀ ਹੈ ਰਾਏ?

      
 


Babita

Content Editor

Related News