ਸੰਗਰੂਰ 'ਚ ਤਾਏ ਦੇ ਮੁੰਡੇ ਨੇ ਕਿਰਚਾਂ ਮਾਰ ਕੇ ਵੱਢਿਆ ਚਚੇਰਾ ਭਰਾ
Sunday, Jul 14, 2019 - 09:48 AM (IST)

ਭਵਾਨੀਗੜ੍ਹ (ਕਾਂਸਲ,ਵਿਕਾਸ) : ਸਥਾਨਕ ਸ਼ਹਿਰ ਨੇੜਲੇ ਪਿੰਡ ਰਾਏਸਿੰਘ ਵਾਲਾ ਵਿਖੇ ਬੀਤੀ ਰਾਤ ਪਿੰਡ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਅਜੀਜ ਖਾਨ ਦੇ ਪੁੱਤਰ ਜਗਸੀਰ ਸਿੰਘ ਨੂੰ ਉਸ ਦੇ ਤਾਏ ਦੇ ਲੜਕੇ ਅਤੇ ਪੋਤੇ ਵੱਲੋਂ ਕਥਿਤ ਤੌਰ 'ਤੇ ਕਿਰਚਾਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਜਮੀਲਾ ਬੇਗਮ ਨੇ ਦੱਸਿਆ ਕਿ ਉਸ ਦਾ ਸਹੁਰਾ ਅਜੀਜ ਖਾਨ ਆਪਣੀ ਬੇਟੀ ਨੂੰ ਮਿਲਣ ਲਈ ਖਾਨਪੁਰ ਗਿਆ ਹੋਇਆ ਸੀ ਅਤੇ ਘਰ ਵਿਚ ਉਹ ਅਤੇ ਉਸ ਦਾ ਪਤੀ ਇਕੱਲੇ ਸਨ। ਰਾਤ ਦੇ ਕਰੀਬ 9:30 ਵਜੇ ਉਸ ਦੇ ਪਤੀ ਜਗਸੀਰ ਖਾਨ ਨੂੰ ਉਸ ਦੇ ਤਾਏ ਦੇ ਲੜਕੇ ਅਸਲਮ ਖਾਨ, ਜੋ ਕਿ ਪਿੰਡ ਫੱਗੂਵਾਲਾ ਵਿਖੇ ਮੋਟਰਾਂ ਰੀਪੇਅਰ ਕਰਨ ਦਾ ਕੰਮ ਕਰਦਾ ਹੈ ਨੇ ਫੋਨ ਕਰਕੇ ਘਰ ਤੋਂ ਬਾਹਰ ਸੱਦਿਆ। ਜਦੋਂ ਉਸ ਦਾ ਪਤੀ ਜਗਸੀਰ ਖਾਨ ਘਰੋਂ ਬਾਹਰ ਨਿਕਲਿਆਂ ਤਾਂ ਘਰ ਦੇ ਬਾਹਰ ਖੜੇ ਜਗਸੀਰ ਖਾਨ ਦੇ ਤਾਏ ਦੇ ਲੜਕੇ ਅਸਲਮ ਖਾਨ ਅਤੇ ਪੋਤੇ ਪ੍ਰਿੰਸ ਖਾਨ ਨੇ ਜਗਸੀਰ ਖਾਨ 'ਤੇ ਕਿਰਚਾਂ ਨਾਲ ਕਈ ਵਾਰ ਕਰ ਦਿੱਤੇ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਜਗਸੀਰ ਨੂੰ ਇਲਾਜ ਲਈ ਤੁਰੰਤ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸਥਾਨਕ ਥਾਣਾ ਮੁਖੀ ਗੁਰਿੰਦਰ ਸਿੰਘ ਬੱਲ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।