ਮਲੇਸ਼ੀਆ 'ਚ ਫਸਿਆ ਭਗਵੰਤ ਮਾਨ ਦੇ ਪਿੰਡ ਦਾ ਮੁੰਡਾ, ਭਾਂਡੇ ਮਾਂਜਣ ਲਈ ਹੋਇਆ ਮਜਬੂਰ (ਵੀਡੀਓ)

Friday, May 10, 2019 - 04:08 PM (IST)

ਸੰਗਰੂਰ (ਰਾਜੇਸ਼ ਕੋਹਲੀ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਨੌਜਵਾਨ ਗੁਰਸੇਵਕ ਸਿੰਘ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਤੇ ਹੁਣ ਮਲੇਸ਼ੀਆ ਵਿਚ ਫਸਿਆ ਹੋਇਆ ਹੈ। ਗੁਰਸੇਵਕ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਭਗਵੰਤ ਮਾਨ ਕੋਲ ਆਪਣੀ ਪੰਜਾਬ ਵਾਪਸੀ ਲਈ ਗੁਹਾਰ ਲਾਈ ਹੈ। ਵੀਡੀਓ ਵਿਚ ਗੁਰਸੇਵਕ ਨੇ ਦੱਸਿਆ ਹੈ ਕਿ ਮਾਨਸਾ ਤੇ ਬਠਿੰਡਾ ਦੇ ਟਰੈਵਲ ਏਜੰਟ ਹਨ ਜਿਨ੍ਹਾਂ ਨੇ ਉਸ ਕੋਲੋਂ ਢਾਈ ਲੱਖ ਰੁਪਏ ਲੈ ਕੇ ਉਸ ਨੂੰ ਮਲੇਸ਼ੀਆ ਭੇਜਿਆ। ਉੱਥੇ ਜੋ ਕੰਮ ਉਸ ਨੂੰ ਬੋਲਿਆ ਗਿਆ ਸੀ, ਉਸ ਦੇ ਉਲਟ ਕੰਮ ਉਸ ਨੂੰ ਦਿੱਤਾ ਜਾ ਰਿਹਾ ਹੈ ਅਤੇ ਉਹ ਭਾਂਡੇ ਸਾਫ਼ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ।

PunjabKesari

ਇਸੇ ਤਰ੍ਹਾਂ ਕੁਵੈਤ ਵਿਚ ਫਸੇ 40 ਭਾਰਤੀ ਵੀ ਵੀਡੀਓ ਜਾਰੀ ਕਰਕੇ ਮਾਨ ਨੂੰ ਉਨ੍ਹਾਂ ਦੀ ਵਤਨ ਵਾਪਸੀ ਦੀ ਗੁਹਾਰ ਲਾ ਰਹੇ ਹਨ। ਇਨ੍ਹਾਂ ਵਿੱਚੋਂ 15 ਪੰਜਾਬ ਦੇ, 20 ਯੂ.ਪੀ. ਦੇ ਅਤੇ 5 ਆਂਧਰਾ ਪ੍ਰਦੇਸ਼ ਦੇ ਹਨ ਜਿਨ੍ਹਾਂ ਕੋਲ ਖਾਣਾ ਖਾਣ ਲਈ ਪੈਸੇ ਵੀ ਨਹੀਂ ਹਨ।

ਇਹ ਮਾਮਲਾ ਸਾਹਮਣੇ ਆਉਣ ਬਾਅਦ ਭਗਵੰਤ ਮਾਨ ਨੇ ਕਿਹਾ ਹੈ ਕਿ ਮੇਰੇ ਆਪਣੇ ਪਿੰਡ ਸਤੌਜ ਦਾ ਮੁੰਡਾ ਗੁਰਸੇਵਕ ਸਿੰਘ ਜੋ ਮਲੇਸ਼ੀਆ ਵਿਚ ਫਸਿਆ ਹੋਇਆ ਹੈ ਉਸ ਦੀ ਡਿਟੇਲ ਉਨ੍ਹਾਂ ਕੋਲ ਆ ਗਈ ਹੈ ਅਤੇ ਉਹ ਅੱਜ ਹੀ ਵਿਦੇਸ਼ ਮੰਤਰਾਲੇ ਨੂੰ ਮਾਮਲੇ ਦੀ ਜਾਣਕਾਰੀ ਭੇਜ ਰਹੇ ਹਨ। ਇਸ ਦੇ ਨਾਲ ਹੀ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁਵੈਤ ਵਿਚ ਫਸੇ 40 ਭਾਰਤੀਆਂ ਦੀ ਵੀ ਡਿਟੇਲ ਮੰਗਵਾ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਵਤਨ ਵਾਪਸ ਲਿਆਂਦਾ ਜਾਏਗਾ।
ਮਾਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਵੀਡੀਓ ਜਾਰੀ ਕਰਕੇ ਨੌਜਵਾਨਾਂ ਨੂੰ ਕਿਹਾ ਸੀ ਕਿ ਰੁਜ਼ਗਾਰ ਦੀ ਭਾਲ ਵਿਚ ਅਜਿਹੇ ਮੁਲਕਾਂ ਵਿਚ ਨਾ ਜਾਣ ਜਿੱਥੇ ਜਾ ਕੇ ਉਹ ਫਸ ਜਾਣ।


author

cherry

Content Editor

Related News